ਸਕਾਟਲੈਂਡ : ਸਕਾਟਲੈਂਡ ਵਿਚ ਹੋਈ ਇਕ ਨਿਲਾਮੀ ਵਿਚ ਇਕ ਭੇਡ 3, 50, 000 ਗਿਨੀ (ਲਗਭਗ 3 ਕਰੋੜ 60 ਲੱਖ ਰੁਪਏ) ਵਿਚ ਵਿਕ ਗਈ। ਟੈਕਸਲ ਸ਼ੀਪ ਸੁਸਾਇਟੀ ਦੀ ਇਕ ਰਿਪੋਰਟ ਦੇ ਅਨੁਸਾਰ, 'ਡਬਲ ਡਾਇਮੰਡ' ਨਾਮ ਦਾ ਇਹ ਮੇਮਨਾ ਲਾਨਾਰਕ ਵਿਚ ਹੋਣ ਵਾਲੀ ਸਕਾਟਿਸ਼ ਨੈਸ਼ਨਲ ਟੈਕਸਲ ਦੀ ਵਿਕਰੀ ਦੀ ਸ਼ੁਰੂਆਤ ਤੋਂ ਪਹਿਲਾਂ ਹੀ ਚਰਚਾ ਦਾ ਵਿਸ਼ਾ ਬਣ ਗਿਆ।
ਟੈਕਸਲ ਕਿਸਮ ਦੇ ਭੇਡੂ ਦੀ ਬੋਲੀ ਭਾਰਤੀ ਰੁਪਏ ਵਿਚ ਲਗਭਗ 10 ਲੱਖ ਰੁਪਏ ਤੋਂ ਸ਼ੁਰੂ ਹੋਈ ਅਤੇ ਵਧਦੀ ਹੀ ਗਈ। ਵੱਧ ਰਹੀ ਰਕਮ ਇੰਨੀ ਹੋ ਗਈ ਕਿ ਤਿੰਨ ਫ਼ਾਰਮ ਮਾਲਕਾਂ ਨੇ ਇਕ ਸਮਝੌਤੇ ਨਾਲ ਇਸ ਨੂੰ ਖ਼ਤਮ ਕੀਤਾ।
ਖ਼ਰੀਦਦਾਰਾਂ ਵਿਚੋਂ ਇਕ ਜੈਫ਼ ਏਕੇਨ ਨੇ ਗਾਰਡੀਅਨ ਨੂੰ ਦਸਿਆ ਕਿ ਇਹ ਕੰਮ ਵੀ ਹੋਰ ਕਿੱਤਿਆਂ ਜਿਵੇਂ ਕਿ ਘੋੜਿਆਂ ਦੀ ਦੌੜ ਜਾਂ ਪਸ਼ੂ ਧੰਦੇ ਵਰਗਾ ਹੈ। ਕਈ ਵਾਰ ਤੁਹਾਡੇ ਹੱਥ ਕੁੱਝ ਖ਼ਾਸ ਚੀਜ਼ ਲਗਦੀ ਹੈ। ਕੱਲ ਦੇ ਦਿਨ ਤਾਂ ਬਹੁਤ ਹੀ ਖ਼ਾਸ ਹੱਥ ਆਇਆ।
ਅੱਜ ਵੀ ਇਸ ਦੀ ਕੀਮਤ ਦਾ ਇਸ ਤਰ੍ਹਾਂ ਅੰਦਾਜ਼ਾ ਲਗਾਇਆ ਜਾਂਦਾ ਹੈ। ਅੱਜ ਕਲ, ਇਕ ਗਿੰਨੀ ਦੀ ਕੀਮਤ ਲਗਭਗ 1.40 ਅਮਰੀਕੀ ਡਾਲਰ ਲਗਾਈ ਜਾਂਦੀ ਹੈ। ਇਕ ਗਿੰਨੀ ਦੀ ਕੀਮਤ ਭਾਰਤੀ ਰੁਪਏ ਵਿਚ 103 ਰੁਪਏ ਹੈ। ਇਸ ਬੋਲੀ ਤੋਂ ਪਹਿਲਾਂ, 2009 ਵਿਚ ਡੈਵਰਨਵੈਲ ਪਰਫ਼ੈਕਸ਼ਨ ਨਾਮੀ ਭੇਡ ਲਈ ਇਕ ਰਿਕਾਰਡ ਬੋਲੀ 230, 000 ਪਾਉਂਡ ਤਕ ਪਹੁੰਚ ਗਈ, ਜਿਸ ਦੀ ਕੀਮਤ ਅਮਰੀਕੀ ਕਰੰਸੀ ਵਿਚ 307, 000 ਡਾਲਰ (2 ਕਰੋੜ 25 ਲੱਖ ਤੋਂ ਵਧ) ਸੀ।