ਮੁੰਬਈ : ਡਰੱਗਜ਼ ਕੇਸ 'ਚ ਜੇਲ ਦੀ ਹਵਾ ਖਾ ਰਹੀ ਬਾਲੀਵੁੱਡ ਅਦਾਕਾਰਾ ਰੀਆ ਚੱਕਰਵਰਤੀ ਨੇ ਨਾਰਕੋਟਿਕਸ ਕੰਟਰੋਲ ਬਿਊਰੋ (NCB) ਸਾਹਮਣੇ ਹੈਰਾਨ ਕਰਨ ਵਾਲੇ ਖ਼ੁਲਾਸੇ ਕੀਤੇ ਹਨ। ਰੀਆ ਦੇ ਜੇਲ ਜਾਣ ਤੋਂ ਪਹਿਲਾਂ ਖ਼ਬਰ ਆਈ ਸੀ ਕਿ NCB ਨੇ 25 ਬਾਲੀਵੁੱਡ ਹਸਤੀਆਂ ਦੀ ਸੂਚੀ ਤਿਆਰ ਕੀਤੀ ਹੈ, ਜਿਨ੍ਹਾਂ ਤੋਂ ਡਰੱਗਜ਼ ਕੇਸ 'ਚ ਪੁਛਗਿਛ ਹੋ ਰਹੀ ਹੈ। ਹੁਣ ਇਨ੍ਹਾਂ ਹਸਤੀਆਂ ਦੇ ਨਾਂ ਵੀ ਸਾਹਮਣੇ ਆਉਣ ਲੱਗੇ ਹਨ। ਸੱਭ ਤੋਂ ਵੱਡਾ ਨਾਂ ਸਾਰਾ ਅਲੀ ਖ਼ਾਨ ਦਾ ਹੈ। ਇਨ੍ਹਾਂ ਤੋਂ ਇਲਾਵਾ ਰਕੁਲ ਪ੍ਰੀਤ ਸਿੰਘ, ਡਿਜ਼ਾਈਨਰ ਸੀਮੋਨ ਖੰਭਾਟਾ, ਸੁਸ਼ਾਂਤ ਸਿੰਘ ਰਾਜਪੂਤ ਦੀ ਦੋਸਤ ਤੇ ਰੇਨਡਰਾਪ ਮੀਡੀਆ ਦੀ ਫ਼ਾਊਂਡਰ ਤੇ ਡਾਇਰੈਕਟਰ ਰੋਹਿਣੀ ਅਈਅਰ, ਸੁਸ਼ਾਂਤ ਦੇ ਦੋਸਤ ਮੁਕੇਸ਼ ਛਾਬੜਾ ਸ਼ਾਮਲ ਦੱਸੇ ਜਾ ਰਹੇ ਹਨ। ਇਕ ਮੀਡੀਆ ਰਿਪੋਰਟ 'ਚ ਇਹ ਖ਼ੁਲਾਸਾ ਹੋਇਆ ਹੈ ਕਿ ਕਰਨ ਜੌਹਰ ਤੋਂ ਵੀ ਪੁਛਗਿਛ ਹੋ ਸਕਦੀ ਹੈ। ਸਨਿਚਰਵਾਰ ਨੂੰ NCB ਵਲੋਂ ਮੁੰਬਈ ਅਤੇ ਗੋਆ 'ਚ ਕਈ ਥਾਵਾਂ 'ਤੇ ਛਾਪੇ ਮਾਰੇ ਗਏ ਹਨ। ਇਹ ਕਾਰਵਾਈ ਡਰੱਗਜ਼ ਪੈਡਲਰ (ਨਸ਼ਾ ਤਸਕਰ) ਅਨੁਜ ਕੇਸਵਾਨੀ ਦੀ ਨਿਸ਼ਾਨਦੇਹੀ 'ਤੇ ਕੀਤੀ ਗਈ ਹੈ।
ਮੰਨਿਆ ਜਾ ਰਿਹਾ ਹੈ ਕਿ ਇਨ੍ਹਾਂ ਸਾਰੀਆਂ ਬਾਲੀਵੁੱਡ ਹਸਤੀਆਂ ਨੂੰ ਜਲਦ ਸੰਮਨ ਜਾਰੀ ਕੀਤਾ ਜਾਵੇਗਾ ਅਤੇ ਪੁਛਗਿੱਛ ਲਈ ਬੁਲਾਇਆ ਜਾਵੇਗਾ। ਲਿਸਟ ਵਿਚ 20 ਨਾਂ ਹੋਰ ਹਨ, ਜਿਨ੍ਹਾਂ ਦਾ ਕਿਸੇ ਵੀ ਸਮੇਂ ਖ਼ੁਲਾਸਾ ਹੋ ਸਕਦਾ ਹੈ।
ਕਰਨ ਜੌਹਰ ਬਾਰੇ ਕਿਹਾ ਜਾ ਰਿਹਾ ਹੈ ਕਿ ਉਨ੍ਹਾਂ ਦੇ ਘਰ ਬਾਲੀਵੁੱਡ ਸਿਤਾਰਿਆਂ ਦੀ ਪਾਰਟੀ ਦੌਰਾਨ ਡਰੱਗਜ਼ ਦਾ ਸੇਵਨ ਹੁੰਦਾ ਸੀ। ਅਜਿਹੀ ਹੀ ਇਕ ਪਾਰਟੀ ਕਰਨ ਜੌਹਰ ਦੇ ਘਰ 30 ਜੁਲਾਈ 2019 ਨੂੰ ਹੋਈ ਸੀ। ਇਸ ਦੀਆਂ ਕੁੱਝ ਵੀਡੀਉ ਵੀ ਵਾਇਰਲ ਹੋਈਆਂ ਸਨ। ਇਸ ਪਾਰਟੀ 'ਚ ਕਥਿਤ ਤੌਰ 'ਤੇ ਵਿੱਕੀ ਕੌਸ਼ਲ, ਦੀਪਕਾ ਪਾਦੂਕੋਣ, ਰਣਬੀਰ ਕਪੂਰ, ਮਲਾਇਕਾ ਅਰੋੜਾ, ਅਰਜੁਨ ਕਪੂਰ, ਵਰੁਣ ਧਵਨ, ਅਯਾਨ ਮੁਖਰਜੀ, ਜ਼ੋਇਆ ਅਖ਼ਤਰ ਨੇ ਹਿੱਸਾ ਲਿਆ ਸੀ।