ਫ਼ਿਰੋਜ਼ਪੁਰ, (ਸੱਚੀ ਕਲਮ ਬਿਊਰੋ) : ਬਸਤੀ ਲੱਧੂ ਵਾਲੀ ਵਿਖੇ ਇਕ ਸੱਤ ਵਰ੍ਹਿਆਂ ਦੀ ਮਾਸੂਮ ਬੱਚੀ ਦੇ ਨਾਲ ਉਨ੍ਹਾਂ ਦੇ ਗੁਆਂਢੀ ਵਲੋਂ ਹੀ ਅਸ਼ਲੀਲ ਹਰਕਤਾਂ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧ ਵਿਚ ਆਰਿਫ ਕੇ ਪੁਲਿਸ ਵਲੋਂ ਇਕ ਵਿਅਕਤੀ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ। ਬਸਤੀ ਲੱਧੂ ਵਾਲੀ ਦੀ ਰਹਿਣ ਵਾਲੀ ਇਕ ਔਰਤ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਦੋਸ਼ ਲਗਾਇਆ ਕਿ ਉਸ ਦੀ ਸੱਤ ਵਰ੍ਹਿਆਂ ਦੀ ਮਾਸੂਮ ਬੱਚੀ ਘਰ ਦੇ ਵੇਹੜੇ ਵਿਚ ਖੇਡ ਰਹੀ ਸੀ ਤਾਂ ਇਸੇ ਦੌਰਾਨ ਉਨ੍ਹਾਂ ਦੇ ਗੁਆਂਢ ਵਿਚ ਹੀ ਰਹਿੰਦਾ ਸਤਪਾਲ ਨਾਂਅ ਦਾ ਵਿਅਕਤੀ ਘਰ ਆਇਆ ਅਤੇ ਖੇਡਦੀ ਬੱਚੀ ਨੂੰ ਚੁੱਕ ਕੇ ਆਪਣੇ ਘਰ ਲੈ ਗਿਆ। ਸ਼ਿਕਾਇਤਕਰਤਾ ਔਰਤ ਨੇ ਦੋਸ਼ ਲਗਾਇਆ ਕਿ ਉਕਤ ਵਿਅਕਤੀ ਨੇ ਮਾਸੂਮ ਬੱਚੀ ਦੇ ਨਾਲ ਸਰੀਰਕ ਗਲਤ ਹਰਕਤਾਂ ਕੀਤੀਆਂ ਅਤੇ ਜਦੋਂ ਮੁੱਦਈਆ ਉਕਤ ਵਿਅਕਤੀ ਦੇ ਘਰ ਬੱਚੀ ਨੂੰ ਲੈਣ ਵਾਸਤੇ ਗਈ ਤਾਂ ਉਕਤ ਵਿਅਕਤੀ ਮੌਕੇ ਤੋਂ ਫਰਾਰ ਹੋ ਗਿਆ। ਔਰਤ ਨੇ ਦੱਸਿਆ ਕਿ ਇਸ ਘਟਨਾ ਸਬੰਧੀ ਉਨ੍ਹਾਂ ਵਲੋਂ ਆਰਿਫ ਕੇ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਦੂਜੇ ਪਾਸੇ ਇਸ ਕੇਸ ਦੀ ਜਾਂਚ ਕਰ ਰਹੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸ਼ਿਕਾਇਤਕਰਤਾ ਔਰਤ ਦੇ ਬਿਆਨਾਂ ਨੂੰ ਕਮਲਬੰਦ ਕਰਦਿਆ ਹੋਇਆ ਸਤਪਾਲ ਪੁੱਤਰ ਭਜਨ ਸਿੰਘ ਵਾਸੀ ਬਸਤੀ ਲੱਧੂ ਵਾਲੀ ਵਿਰੁਧ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ।