ਵਾਸ਼ਿੰਗਟਨ : ਰਾਸ਼ਟਰਪਤੀ ਡੋਨਾਲਡ ਟਰੰਪ ਦੀਆਂ ਗ਼ਲਤ ਆਰਥਕ ਨੀਤੀਆਂ ਕਾਰਨ ਕੋਰੋਨਾ ਕਾਲ ਦੌਰਾਨ ਇਕ ਕੰਮਕਾਜੀ ਅਮਰੀਕਾ ਹੋਣਾ ਜੀਵਨ ਅਤੇ ਮੌਤ ਦਾ ਮਾਮਲਾ ਬਣ ਗਿਆ ਹੈ। ਡੈਮੋਕ੍ਰੇਟਿਕ ਪਾਰਟੀ ਵਲੋਂ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਜੋ ਬਿਡੇਨ ਨੇ ਵਿਲਮਿੰਗਟਨ ਵਿਚ ਕਿਹਾ ਕਿ ਦੇਵੀਉ ਅਤੇ ਸੱਜਣੋ ਇਸ ਗੱਲ ਨਾਲ ਕੋਈ ਫ਼ਰਕ ਨਹੀਂ ਪੈਂਦਾ ਹੈ ਕਿ ਉਹ ਕੀ ਦਾਅਵਾ ਕਰਦੇ ਹਨ ਅਤੇ ਕੀ ਕਹਿੰਦੇ ਹਨ। ਅੱਜ ਡੋਨਾਲਡ ਟਰੰਪ ਦੇ ਅਮਰੀਕਾ ਵਿਚ ਕੋਈ ਸੁਰੱਖਿਅਤ ਨਹੀਂ ਹੈ। ਅੱਜੇ ਸਥਿਤੀ ਇਹ ਹੈ ਕਿ ਦੂਜੀ ਸੰਸਾਰ ਜੰਗ ਦੌਰਾਨ ਜਿਸ ਰਫ਼ਤਾਰ ਨਾਲ ਲੋਕ ਮਰ ਰਹੇ ਸਨ, ਉਸੇ ਦਰ ਨਾਲ ਅੱਜ ਕੋਰੋਨਾ ਨਾਲ ਮਰ ਰਹੇ ਹਨ।
ਬਿਡੇਨ ਨੇ ਕਿਹਾ ਕਿ ਜਦੋਂ ਦੇਸ਼ ਵਿਚ ਹਰੇਕ ਦਿਨ ਲਗਪਗ ਇਕ ਹਜ਼ਾਰ ਲੋਕ ਕੋਰੋਨਾ ਨਾਲ ਮਰ ਰਹੇ ਹੋਣ, ਮਰਨ ਵਾਲਿਆਂ ਦੀ ਗਿਣਤੀ ਦੋ ਲੱਖ ਪੁੱਜਣ ਵਾਲੀ ਹੋਵੇ ਅਤੇ 60 ਲੱਖ ਤੋਂ ਜ਼ਿਆਦਾ ਲੋਕ ਬਿਮਾਰ ਹੋਣ ਤਦ ਅਰਥਚਾਰੇ ਦੇ ਦੁਬਾਰਾ ਰਫ਼ਤਾਰ ਫੜਨ ਦੀ ਉਮੀਦ ਨਹੀਂ ਹੈ। ਜੇਕਰ ਰਾਸ਼ਟਰਪਤੀ ਨੇ ਅਪਣਾ ਕੰਮ ਕੀਤਾ ਹੁੰਦਾ ਅਤੇ ਜਨਵਰੀ ਅਤੇ ਫ਼ਰਵਰੀ ਦੌਰਾਨ ਇਸ ਵਾਇਰਸ ਨੂੰ ਗੰਭੀਰਤਾ ਨਾਲ ਲਿਆ ਹੁੰਦਾ ਤਾਂ ਸਥਿਤੀ ਏਨੀ ਖ਼ਰਾਬ ਨਾ ਹੁੰਦੀ। ਉਧਰ, ਬਿਡੇਨ ਨੇ ਕਿਹਾ ਹੈ ਕਿ ਉਨ੍ਹਾਂ ਨੇ ਅਪਣਾ ਵਾਇਰਸ ਟੈਸਟ ਕਰਵਾਇਆ ਹੈ ਅਤੇ ਚੋਣ ਪ੍ਰਚਾਰ ਦੌਰਾਨ ਉਹ ਰੋਜ਼ਾਨਾ ਤੌਰ 'ਤੇ ਕੋਰੋਨਾ ਦਾ ਟੈਸਟ ਕਰਵਾਉਣਗੇ।
ਰਾਸ਼ਟਰਪਤੀ ਡੋਨਾਲਡ ਟਰੰਪ ਵਲੋਂ ਅਮਰੀਕੀ ਫ਼ੌਜ ਦੇ ਬੰਧਕ ਬਣਾਏ ਗਏ ਜਾਂ ਮਾਰੇ ਗਏ ਜਵਾਨਾਂ ਲਈ ਕੀਤੀਆਂ ਗਈਆਂ ਇਤਰਾਜ਼ਯੋਗ ਟਿਪਣੀਆਂ ਨੇ ਸਿਆਸੀ ਰੰਗ ਲੈ ਲਿਆ ਹੈ। ਇਸ ਮੁੱਦੇ 'ਤੇ ਜੋ ਬਿਡੇਨ ਨੇ ਆਲੋਚਨਾ ਕਰਦੇ ਹੋਏ ਕਿਹਾ ਕਿ ਉਹ ਰਾਸ਼ਟਰਪਤੀ ਦੀ ਕੁਰਸੀ ਦੇ ਕਾਬਲ ਨਹੀਂ ਹਨ। ਬਿਡੇਨ ਨੇ ਕਿਹਾ ਕਿ ਉਹ ਅਪਣੇ ਪੂਰੇ ਸਿਆਸੀ ਕਰੀਅਰ ਦੌਰਾਨ ਏਨੇ ਨਿਰਾਸ਼ ਕਦੀ ਨਹੀਂ ਹੋਏ। ਜੇਕਰ ਉਨ੍ਹਾਂ ਦੀਆਂ ਟਿਪਣੀਆਂ ਸੱਚ ਹਨ ਤਾਂ ਇਹ ਬਹੁਤ ਹੀ ਅਪਮਾਨਜਨਕ ਹੈ। ਇਹ ਦੋਸ਼ ਪਹਿਲੀ ਵਾਰ 'ਦ ਅਟਲਾਂਟਿਕ' ਵਿਚ ਪ੍ਰਕਾਸ਼ਤ ਕੀਤੇ ਗਏ ਸਨ। ਹਾਲਾਂਕਿ ਟਰੰਪ ਨੇ ਵੀਰਵਾਰ ਨੂੰ ਕਿਹਾ ਸੀ ਕਿ ਇਹ ਖ਼ਬਰ ਪੂਰੀ ਤਰ੍ਹਾਂ ਝੂਠ ਹੈ।