ਓਸ਼ਾਵਾ : ਕੈਨੇਡਾ ਦੇ ਓਂਟਾਰੀਓ ਦੇ ਇਕ ਘਰ ਵਿਚੋਂ ਪੁਲਸ ਨੂੰ 5 ਵਿਅਕਤੀਆਂ ਦੀਆਂ ਲਾਸ਼ਾਂ ਮਿਲੀਆਂ ਤੇ ਇਕ ਜ਼ਖਮੀ ਔਰਤ ਮਿਲੀ, ਜਿਸ ਨੇ ਬਾਅਦ ਵਿਚ ਦਮ ਤੋੜ ਦਿੱਤਾ। ਸਥਾਨਕ ਪੁਲਸ ਮੁਤਾਬਕ ਇੱਥੇ ਸ਼ੁੱਕਰਵਾਰ ਤੜਕੇ ਗੋਲੀਬਾਰੀ ਹੋਈ ਤੇ ਪੂਰੇ ਪਰਿਵਾਰ ਦੀ ਮੌਤ ਹੋ ਗਈ। ਜਾਂਚ ਵਿਚ ਪੁਲਸ ਨੇ ਦੱਸਿਆ ਕਿ ਮਿਸ਼ੇਲ ਲਾਪਾ ਨਾਂ ਦਾ 48 ਸਾਲਾ ਵਿਅਕਤੀ ਜੋ ਵਿਨੀਪੈੱਗ ਦਾ ਰਹਿਣ ਵਾਲਾ ਸੀ, ਉਸ ਨੇ ਆਪਣੀ ਭੈਣ ਅਤੇ ਉਸ ਦੇ ਪਰਿਵਾਰ ਨੂੰ ਕਤਲ ਕਰਨ ਮਗਰੋਂ ਖੁਦਕੁਸ਼ੀ ਕਰ ਲਈ। ਪੁਲਸ ਸਟੇਟਮੈਂਟ ਵਿਚ ਦੱਸਿਆ ਗਿਆ ਹੈ ਕਿ ਇਹ ਪਰਿਵਾਰ ਓਂਟਾਰੀਓ ਦੇ ਓਸ਼ਾਵਾ ਵਿਚ ਰਹਿੰਦਾ ਸੀ। ਪੁਲਸ ਅਜੇ ਜਾਂਚ ਕਰ ਰਹੀ ਹੈ ਕਿ ਵਿਅਕਤੀ ਨੇ ਇਹ ਕਦਮ ਕਿਉਂ ਚੁੱਕਿਆ। ਪੁਲਸ ਨੇ ਦੱਸਿਆ ਕਿ ਉਨ੍ਹਾਂ ਨੂੰ ਤੜਕੇ 1.20 'ਤੇ ਗੋਲੀਬਾਰੀ ਹੋਣ ਸਬੰਧੀ ਕਈ ਲੋਕਾਂ ਦੇ ਫੋਨ ਆਏ । ਦੱਸਿਆ ਜਾ ਰਿਹਾ ਹੈ ਕਿ 50 ਸਾਲਾ ਜਨਾਨੀ ਜੋ ਕਾਤਲ ਦੀ ਭੈਣ ਸੀ, ਬੁਰੀ ਤਰ੍ਹਾਂ ਜ਼ਖਮੀ ਹੋ ਗਈ ਸੀ, ਜਿਸ ਨੇ ਹਸਪਤਾਲ ਜਾਂਦਿਆਂ ਹੀ ਦਮ ਤੋੜ ਦਿੱਤਾ। ਉਹ ਸਕੂਲ ਵਿਚ ਪੜ੍ਹਾਉਂਦੀ ਸੀ। ਗੁਆਂਢ ਵਿਚ ਰਹਿੰਦੀ ਇਕ ਜਨਾਨੀ ਨੇ ਦੱਸਿਆ ਕਿ ਗੋਲੀਆਂ ਦੀ ਆਵਾਜ਼ ਸੁਣ ਕੇ ਉਸ ਦੀ ਜਾਗ ਖੁੱਲ੍ਹੀ ਤੇ ਉਸ ਨੇ ਚੀਕਾਂ ਵੀ ਸੁਣੀਆਂ। ਉਸ ਨੇ ਕਿਹਾ ਕਿ ਉਸ ਦੇ ਗੁਆਂਢ ਵਿਚ ਅਜਿਹੀ ਵਾਰਦਾਤ ਪਹਿਲੀ ਵਾਰ ਵਾਪਰੀ ਹੈ ਤੇ ਸਭ ਡਰ ਗਏ। ਉਸ ਨੇ ਕਿਹਾ ਕਿ ਉਹ ਬਾਹਰ ਨਹੀਂ ਨਿਕਲੀ ਕਿਉਂਕਿ ਉਸ ਨੂੰ ਡਰ ਸੀ ਕਿ ਹਮਲਾਵਰ ਉਨ੍ਹਾਂ 'ਤੇ ਵੀ ਹਮਲਾ ਨਾ ਕਰ ਦੇਵੇ। ਗੁਆਂਢ ਵਿਚ ਰਹਿਣ ਵਾਲੇ ਲੋਕਾਂ ਨੇ ਦੱਸਿਆ ਕਿ ਇਹ ਪਰਿਵਾਰ ਬਹੁਤ ਚੰਗਾ ਸੀ ਤੇ ਕਈ ਸਾਲਾਂ ਤੋਂ ਇੱਥੇ ਰਹਿ ਰਿਹਾ ਸੀ। ਇਸ ਘਟਨਾ ਨੇ ਸਭ ਨੂੰ ਹਿਲਾ ਕੇ ਰੱਖ ਦਿੱਤਾ ਹੈ।