ਸਿੰਗਾਪੁਰ : ਸਿੰਗਾਪੁਰ ਦੇ ਪ੍ਰਧਾਨ ਮੰਤਰੀ ਲੀ.ਸੀਐਨ ਲੂੰਗ ਨੇ ਕਿਹਾ ਹੈ ਕਿ ਕੋਵਿਡ 19 ਮਹਾਂਮਾਰੀ ਗਲੋਬਲ ਪੱਧਰ 'ਤੇ ਫੈਲੀ ਤਰਾਸਦੀ ਹੈ, ਪਰ ਇਹ ਇੰਨੀ ਘਾਤਕ ਬਿਮਾਰੀ ਨਹੀਂ ਹੈ ਕਿ ਇਸ ਨਾਲ ਮਨੁੱਖੀ ਕੌਮ ਖ਼ਤਰੇ 'ਚ ਆ ਜਾਵੇ। ਉਨ੍ਹਾਂ ਕਿਹਾ ਕਿ ਆਫ਼ਤ ਦੇ ਇਸ ਸਮੇਂ 'ਚ ਹਾਸਲ ਤਜ਼ਰਬਿਆਂ ਨੂੰ ਦਰਜ ਕੀਤਾ ਜਾਣਾ ਚਾਹੀਦਾ, ਤਾਕਿ ਭਵਿੱਖ 'ਚ ਅਜਿਹੀ ਮਹਾਂਮਾਰੀ ਨਾਲ ਮੁਕਾਬਲਾ ਕੀਤਾ ਜਾ ਸਕੇ।
ਲੀ ਨੇ ਕਿਹਾ ਕਿ ਵਿਗਿਆਨੀਆ ਦਾ ਮੰਨਣਾ ਹੈ ਕਿ 'ਡਿਜ਼ੀਜ਼ ਐਕਸ'' ਮਨੁੱਖ ਜਾਤੀ ਦਾ ਵੱਡੇ ਪੱਧਰ 'ਤੇ ਅੰਤ ਕਰ ਸਕਦੀ ਹੈ। ਵਿਸ਼ਵ ਸਿਹਤ ਸੰਗਠਨ ਨੇ ਵੱਡੇ ਪੱਧਰ 'ਤੇ ਮਹਾਂਮਾਰੀ ਫੈਲਾ ਸਕਣ 'ਚ ਸਮਰੱਥ ਅਣਪਛਾਤੇ ਰੋਗਾਣੂਆਂ ਨੂੰ ਫ਼ਰਵਰੀ 2018 'ਚ ਡਿਜ਼ੀਜ਼ ਐਕਸ ਦਾ ਨਾਂ ਦਿਤਾ ਸੀ। ਲੀ ਨੇ ਕਿਹਾ ਕਿ ਜਦੋਂ covid-19 ਦਾ ਪਹਿਲੀ ਵਾਰ ਪਤਾ ਚਲਿਆ ਤਾਂ ਬਹੁਤ ਲੋਕਾਂ ਨੇ ਸੋਚਿਆ ਕਿ ਡਿਜ਼ੀਜ਼ ਐਕਸ ਆ ਗਿਆ ਹੈ। ਸਥਾਨਕ ਮੀਡੀਆ ਮੁਤਾਬਕ ਲੀ ਨੇ ਬੁਧਵਾਰ ਨੂੰ ਕਿਹਾ, ''ਕੋਵਿਡ 19 ਦੁਨੀਆਂ ਲਈ ਇਕ ਤਰਾਸਦੀ ਹੈ ਪਰ ਇਹ ਡਿਜ਼ੀਜ਼ ਐਕਸ ਨਹੀਂ ਹੈ।''