ਇੰਦੌਰ : ਮੱਧ ਪ੍ਰਦੇਸ਼ ਦੇ ਇੰਦੌਰ ਸ਼ਹਿਰ ਦੇ ਤੇਜਾਜੀ ਨਗਰ ਥਾਣਾ ਖੇਤਰ 'ਚ ਸ਼ਿਵ ਸੈਨਾ ਦੇ ਸੀਨੀਅਰ ਆਗੂ ਰਹੇ ਰਮੇਸ਼ ਸਾਹੂ ਦੀ ਅਣਪਛਾਤੇ ਬਦਮਾਸ਼ਾਂ ਨੇ ਗੋਲੀ ਮਾਰ ਕੇ ਕਤਲ ਕਰ ਦਿਤਾ। ਪੁਲਿਸ ਦੇ ਅਧਿਕਾਰਤ ਸੂਤਰਾਂ ਨੇ ਦਸਿਆ ਕਿ ਮੰਗਲਵਾਰ ਰਾਤ 70 ਸਾਲਾ ਸਾਹੂ ਦੇ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ। ਸ਼ਿਵ ਸੈਨਾ ਦੀ ਮੱਧ ਪ੍ਰਦੇਸ਼ ਇਕਾਈ ਦੇ ਸਾਲ 1991 ਤੋਂ 2001 ਤਕ ਪ੍ਰਦੇਸ਼ ਪ੍ਰਧਾਨ ਰਹੇ ਸਾਹੂ ਬੀਤੇ ਕੁਝ ਸਾਲਾਂ ਤੋਂ ਸਿਆਸੀ ਗਤੀਵਿਧੀਆਂ ਤੋਂ ਦੂਰ ਹੋ ਕੇ ਇਥੇ ਤੇਜਾਜੀ ਨਗਰ ਥਾਣਾ ਖੇਤਰ 'ਚ ਢਾਬਾ ਚਲਾ ਰਹੇ ਸਨ। ਮੰਗਲਵਾਰ ਰਾਤ ਇਥੇ ਅਣਪਛਾਤੇ ਬਦਮਾਸ਼ਾਂ ਨੇ ਉਨ੍ਹਾਂ ਦੀ ਕਤਲ ਕਰ ਦਿਤਾ। ਘਟਨਾ ਮੰਗਲਵਾਰ ਰਾਤ 1.30 ਤੋਂ 2.30 ਵਜੇ ਦਰਮਿਆਨ ਦੀ ਹੈ। ਘਟਨਾ ਸਮੇਂ ਸਾਹੂ ਨਾਲ ਉਨ੍ਹਾਂ ਦੀ ਪਤਨੀ ਅਤੇ ਧੀ ਮੌਜੂਦ ਸੀ। ਪੁਲਿਸ ਇਸ ਵਾਰਦਾਤ ਨੂੰ ਲੁੱਟ ਦੀ ਨੀਅਤ ਨਾਲ ਜੋੜ ਕੇ ਦੇਖ ਰਹੀ ਹੈ। ਇਸ ਦੇ ਨਾਲ ਹੀ ਸਾਹੂ ਦੇ ਅਪਰਾਧਕ ਰੀਕਾਰਡ ਨੂੰ ਦੇਖਦੇ ਹੋਏ ਆਪਸੀ ਰੰਜਿਸ਼ ਵਰਗੇ ਬਿੰਦੂਆਂ 'ਤੇ ਵੀ ਪੁਲਿਸ ਜਾਂਚ ਕਰ ਰਹੀ ਹੈ। ਸਾਹੂ ਦੇ ਕਤਲ 'ਤੇ ਸ਼ਿਵ ਸੈਨਾ ਦੀ ਇੰਦੌਰ ਇਕਾਈ ਦੇ ਮੁਖੀ ਮਹੇਸ਼ ਸ਼ਰਮਾ ਨੇ ਦਸਿਆ ਕਿ ਸਾਹੂ ਦੇ ਸਰਗਰਮ ਪ੍ਰਧਾਨਗੀ ਕਾਰਜਕਾਲ 'ਚ ਸ਼ਿਵ ਸੈਨਾ ਨੇ ਬਿਹਤਰ ਪ੍ਰਦਰਸ਼ਨ ਕੀਤਾ ਸੀ।