ਜੋਹਾਨਸਬਰਗ, (ਏਜੰਸੀ) : ਦੱਖਣੀ ਅਫਰੀਕਾ ਦੇ ਪੂਰਬੀ ਸ਼ਹਿਰ ਡਰਬਨ ਨੇਡ਼ੇ ਸਥਿਤ ਇਕ ਚਰਚ ਵਿਚ ਪ੍ਰਾਰਥਨਾ ਦੌਰਾਨ ਛੱਤ ਢਹਿ ਢੇਰੀ ਹੋ ਗਈ। ਇਸ ਹਾਦਸੇ ਵਿਚ 13 ਲੋਕਾਂ ਦੀ ਮੌਤ ਹੋ ਗਈ ਅਤੇ 16 ਲੋਕ ਜ਼ਖਮੀ ਹੋ ਗਏ। ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਘਟਨਾ ਵੀਰਵਾਰ ਸ਼ਾਮ ਉੱਤਰੀ ਡਰਬਨ ਦੇ ਡਲਾਂਗੁਬੋ ਸ਼ਹਿਰ ਵਿਚ ਵਾਪਰੀ। ਭਾਰੀ ਮੀਂਹ ਦੇ ਬਾਅਦ ਚਰਚ ਦੀ ਛੱਤ ਢਹਿ ਢੇਰੀ ਹੋ ਗਈ।
ਸੂਬਾਈ ਰਵਾਇਤੀ ਮਾਮਲਿਆਂ ਦੇ ਵਿਭਾਗ ਦੇ ਬੁਲਾਰੇ ਲੇਨੌਕਸ ਮਬਾਸੋ ਨੇ ਕਿਹਾ, ''ਬੀਤੀ ਰਾਤ ਭਾਰੀ ਮੀਂਹ ਕਾਰਨ ਇਮਾਰਤ ਦੀ ਛੱਤ ਢਹਿ ਢੇਰੀ ਹੋ ਗਈ। ਹੁਣ ਤੱਕ 13 ਲੋਕਾਂ ਦੀ ਮੌਤ ਦੀ ਪੁਸ਼ਟੀ ਹੋ ਚੁੱਕੀ ਹੈ।'' ਕਵਾ-ਜੁਲੁ ਨਟਾਲ ਸੂਬੇ ਦੇ ਐਮਰਜੈਂਸੀ ਸੇਵਾ ਦੇ ਬੁਲਾਰੇ ਰੌਬਰਟ ਮੈਕਕੇਂਜੀ ਨੇ ਟਵੀਟ ਕੀਤਾ, ''ਅਜਿਹੀ ਤ੍ਰਾਸਦੀ ਨਹੀਂ ਦੇਖੀ। 13 ਲੋਕਾਂ ਦੀ ਮੌਤ ਹੋਈ ਹੈ ਅਤੇ 16 ਲੋਕਾਂ ਦਾ ਇਲਾਜ ਚੱਲ ਰਿਹਾ ਹੈ।''