ਚੰਡੀਗੜ੍ਹ : ਬਲਵੰਤ ਸਿੰਘ ਮੁਲਤਾਨੀ ਕੇਸ ਵਿਚ ਮੁੱਖ ਮੁਲਜ਼ਮ ਸਾਬਕਾ ਡੀ ਜੀ ਪੀ ਸੁਮੇਧ ਸੈਣੀ ਦੀ ਗ੍ਰਿਫਤਾਰੀ ਲਈ ਵਿਸ਼ੇਸ਼ ਜਾਂਚ ਟੀਮ (ਐਸ ਆਈ ਟੀ) ਵੱਲੋਂ ਅੱਜ ਸਵੇਰੇ ਹੀ ਉਹਨਾਂ ਦੇ ਇਥੇ ਸੈਕਟਰ 20 ਡੀ ਸਥਿਤ ਰਿਹਾਇਸ਼ ਅਤੇ ਫਾਰਮ ਹਾਊਸ 'ਤੇ ਛਾਪੇਮਾਰੀ ਕੀਤੀ ਗਈ। ਜਾਣਕਾਰੀ ਮੁਤਾਬਕ ਸੁਮੇਧ ਸੈਣੀ ਉਸ ਵੇਲੇ ਘਰ ਨਹੀਂ ਸੀ। ਉਸਦੀ ਇਥੇ ਸੈਕਟਰ 20 ਡੀ ਵਿਚ 3048 ਨੰਬਰ ਕੋਠੀ ਹੈ। ਬਲਵੰਤ ਸਿੰਘ ਮੁਲਤਾਨੀ ਨੂੰ ਅਗਵਾ ਕਰਨ ਦੇ ਮਾਮਲੇ ਵਿਚ ਪੁਲਿਸ ਨੇ ਕੁਝ ਦਿਨ ਪਹਿਲਾਂ ਧਾਰਾ 302 ਵੀ ਜੋੜ ਦਿੱਤੀ ਸੀ। ਇਸ ਕੇਸ ਵਿਚ ਸਾਬਕਾ ਇੰਸਪੈਕਟਰ ਜਗੀਰ ਸਿੰਘ ਤੇ ਸਹਾਇਕ ਸਬ ਇੰਸਪੈਕਟਰ ਕੁਲਦੀਪ ਸਿੰਘ ਗਵਾਹ ਬਣੇ ਹਨ ਜਿਹਨਾਂ ਨੇ ਆਪਣੇ ਬਿਆਨ ਦਰਜ ਕਰਵਾਏ ਹਨ। ਇਹ ਕੇਸ 29 ਸਾਲ ਪਹਿਲਾਂ ਵਾਪਰੇ ਘਟਨਾਕ੍ਰਮ ਨਾਲ ਸਬੰਧਤ ਹੈ ਜਦੋਂ ਕਥਿਤ ਤੌਰ'ਤੇ ਸੁਮੇਧ ਸੈਣੀ ਦੀ ਹਦਾਇਤ 'ਤੇ ਸਿਟਕੋ ਦੇ ਸਾਬਕਾ ਮੁਲਾਜ਼ਮ ਬਲਵੰਤ ਸਿੰਘ ਮੁਲਤਾਨੀ ਨੂੰ ਮੁਹਾਲੀ ਤੋਂ ਪੁਲਿਸ ਚੁੱਕ ਲਿਆਈ ਸੀ ਤੇ ਕੁੱਟਮਾਰ ਦੌਰਾਨ ਉਸਦੀ ਮੌਤ ਹੋ ਗਈ ਸੀ।