ਬਨਿਹਾਲ : ਜੰਮੂ ਕਸ਼ਮੀਰ ਦੇ ਰਾਮਬਨ ਜ਼ਿਲ੍ਹੇ ਵਿਚ ਭਾਰੀ ਮੀਂਹ ਮਗਰੋਂ ਢਿੱਗਾਂ ਡਿੱਗ ਜਾਣ ਕਾਰਨ ਜੰਮੂ-ਸ੍ਰੀਨਗਰ ਕੌਮੀ ਰਾਜਮਾਰਗ 'ਤੇ ਆਵਾਜਾਈ ਨੂੰ ਮੰਗਲਵਾਰ ਸਵੇਰੇ ਰੋਕ ਦਿਤਾ ਗਿਆ। ਢਿੱਗਾਂ ਡਿੱਗ ਜਾਣ ਕਾਰਨ ਕਸ਼ਮੀਰ ਨੂੰ ਦੇਸ਼ ਦੇ ਬਾਕੀ ਹਿੱਸੇ ਨਾਲ ਜੋੜ ਵਾਲੀ ਸਾਰੇ ਮੌਸਮਾਂ ਵਿਚ ਚਾਲੂ ਰਹਿਣ ਵਾਲੀ ਇਕੋ ਇਕ ਸੜਕ ਬੰਦ ਹੋ ਗਈ ਹੈ।
ਪੁਲਿਸ ਅਧਿਕਾਰੀ ਅਜੇ ਆਨੰਦ ਨੇ ਦਸਿਆ ਕਿ ਸਵੇਰੇ ਪੰਜ ਵਜੇ ਦਲਵਾਸ ਵਿਚ ਰਾਜਮਾਰਗ 'ਤੇ ਜ਼ਮੀਨ ਖਿਸਕ ਗਈ ਜਿਸ ਕਾਰਨ ਸੜਕ ਦਾ ਹਿੱਸਾ ਧਸ ਗਿਆ। ਉਨ੍ਹਾਂ ਕਿਹਾ ਕਿ ਸਬੰਧਤ ਏਜੰਸੀਆਂ ਨੇ ਰਾਜਮਾਰਗ ਤੋਂ ਮਲਬਾ ਹਟਾ ਕੇ ਸੜਕ ਦੀ ਬਹਾਲੀ ਦਾ ਕੰਮ ਸ਼ੁਰੂ ਕਰ ਦਿਤਾ ਹੈ। ਫ਼ਿਲਹਾਲ ਸੜਕ ਠੀਕ ਕਰਨ ਵਿਚ ਸਮਾਂ ਲੱਗੇਗਾ। ਅਧਿਕਾਰੀਆਂ ਨੇ ਕਿਹਾ ਕਿ ਦਖਣੀ ਕਸ਼ਮੀਰ ਵਿਚ ਕਾਜ਼ੀਗੁੰਡ ਵਿਚ ਢਿੱਗਾਂ ਡਿੱਗਣ ਕਾਰਨ ਆਵਾਜਾਈ ਰੋਕ ਦਿਤੀ ਗਈ ਹੈ। ਅਧਿਕਾਰੀਆਂ ਨੇ ਕਿਹਾ ਕਿ ਰਾਜਮਾਰਗ ਬੰਦ ਹੋਣ ਕਾਰਨ ਦੋਹਾਂ ਪਾਸਿਆਂ ਤੋਂ ਹਲਕੇ ਮੋਟਰ ਵਾਹਨਾਂ ਨੂੰ ਵੀ ਵੱਖ ਵੱਖ ਥਾਵਾਂ 'ਤੇ ਰੋਕਿਆ ਗਿਆ ਹੈ। ਰਾਜਮਾਰਗ ਨੂੰ ਬਹਾਲ ਕਰਨ ਮਗਰੋਂ ਫਸੇ ਵਾਹਨਾਂ ਨੂੰ ਉਥੋਂ ਕਢਿਆ ਜਾਵੇਗਾ।