ਨਵੀਂ ਦਿੱਲੀ : ਵਿੱਤ ਮੰਤਰਾਲੇ ਨੇ ਕਿਹਾ ਹੈ ਕਿ ਮਾਲ ਅਤੇ ਸੇਵਾ ਕਰ (ਜੀਐਸਟੀ) ਕਾਰਨ ਟੈਕਸ ਦਰਾਂ ਘਟੀਆਂ ਹਨ, ਜਿਸ ਨਾਲ ਮਾਲੀਆਂ ਵਧਾਉਣ ਵਿਚ ਮਦਦ ਮਿਲੀ। ਇਸ ਦੇ ਨਾਲ ਹੀ ਇਸ ਕਾਰਨ ਕਰਦਾਤਿਆਂ ਦਾ ਆਧਾਰ ਦੁਗਣਾ ਹੋ ਕੇ 1.24 ਕਰੋੜ 'ਤੇ ਪਹੁੰਚ ਗਿਆ ਹੈ। ਸਾਬਕਾ ਵਿੱਤ ਮੰਤਰੀ ਸਵਰਗੀ ਅਰੁਣ ਜੇਟਲੀ ਦੀ ਪਹਿਲੀ ਬਰਸੀ 'ਤੇ ਵਿੱਤ ਮੰਤਰਾਲੇ ਨੇ ਸੋਮਵਾਰ ਨੂੰ ਕਈ ਟਵੀਟ ਕੀਤੇ। ਮੰਤਰਾਲੇ ਨੇ ਕਿਹਾ ਕਿ ਜੀਐਸਟੀ ਤੋਂ ਪਹਿਲਾਂ ਵੈਟ, ਉਤਪਾਦ ਟੈਕਸ ਅਤੇ ਵਿਕਰੀ ਟੈਕਸ ਦੇਣਾ ਪੈਦਾ ਸੀ। ਸਮੂਹਕ ਰੂਪ ਨਾਲ ਇਸ ਕਾਰਨ ਟੈਕਸ ਦੀ ਦਰ 31 ਫ਼ੀ ਸਦੀ ਤਕ ਪਹੁੰਚ ਜਾਂਦੀ ਸੀ। ਮੰਤਰਾਲੇ ਨੇ ਕਿਹਾ, ''ਹੁਣ ਵਿਆਪਕ ਰੂਪ ਨਾਲ ਸਾਰੇ ਮੰਨਦੇ ਹਨ ਕਿ ਜੀਐਸਟੀ ਗਾਹਕਾਂ ਅਤੇ ਕਰਦਾਤਿਆਂ ਦੋਹਾਂ ਦੇ ਅਨੁਰੂਪ ਹੈ। GST ਤੋਂ ਪਹਿਲਾਂ ਟੈਕਸ ਦੀ ਉਚੀ ਦਰ ਕਾਰਨ ਲੋਕ ਟੈਕਸਾਂ ਦਾ ਭੁਗਤਾਨ ਕਰਨ ਵਿਚ ਪ੍ਰੇਸ਼ਾਨ ਹੁੰਦੇ ਸਨ ਪਰ GST ਤਹਿਤ ਨਿਚਲੀਆਂ ਦਰਾਂ ਨਾਲ ਟੈਕਸ ਦੀ ਪਾਲਣਾ ਵਧੀ ਹੈ। ਮੰਤਰਾਲੇ ਨੇ ਕਿਹਾ ਜਿਸ ਸਮੇਂ GST ਲਾਗੂ ਕੀਤਾ ਗਿਆ ਸੀ ਉਸ ਸਮੇਂ ਇਸ ਤਹਿਤ ਆਉਣ ਵਾਲੇ ਕਰਦਾਤਿਆਂ ਦੀ ਗਿਣਤੀ 65 ਲੱਖ ਸੀ। ਅੱਜ ਇਹ ਅੰਕੜਾ ਵੱਧ ਕੇ 1.24 ਕਰੋੜ ਤਕ ਪਹੁੰਚ ਗਿਆ ਹੈ। ਜੀਐਸਟੀ ਵਿਚ 17 ਸਥਾਨਕ ਟੈਕਸ ਸ਼ਾਮਲ ਹੋਏ ਹਨ। ਦੇਸ਼ ਵਿਚ GST ਨੂੰ ਇਕ ਜੁਲਾਈ, 2017 ਵਿਚ ਲਾਗੂ ਕੀਤਾ ਗਿਆ ਸੀ।