ਔਕਲੈਂਡ : ਬੀਤੇ ਸਾਲ 15 ਮਾਰਚ ਨੂੰ ਕ੍ਰਾਈਸਟਚਰਚ ਵਿਖੇ ਦੋ ਮਸਜਿਦਾਂ ਦੇ ਵਿਚ ਸ਼ਰੇਆਮ ਗੋਲੀਆਂ ਚਲਾ ਕੇ 51 ਨਿਹੱਥੇ ਨਮਾਜੀਆਂ ਨੂੰ ਮਾਰਨ ਦੇ ਦੋਸ਼ ਵਿਚ, 40 ਹੋਰਾਂ ਨੂੰ ਮਾਰਨ ਦੇ ਇਰਾਦਾ ਕਤਲ ਵਿਚ ਅਤੇ ਇਕ ਅਤਿਵਾਦ ਨਾਲ ਸਬੰਧਤ ਕੇਸ ਵਿਚ 29 ਸਾਲਾ ਬ੍ਰੈਨਟਨ ਟਾਰੈਂਟ ਨੂੰ ਸਜ਼ਾ ਸੁਨਾਉਣ ਦੀ ਕਾਰਵਾਈ ਅੱਜ ਸ਼ੁਰੂ ਹੋ ਗਈ ਹੈ।
ਸੁਰੱਖਿਆ ਹਿਤ ਰਸਤੇ ਬੰਦ, ਪੁਲਿਸ ਇਮਾਰਤਾਂ 'ਤੇ ਤਾਇਨਾਤ
|
ਇਹ ਸਜ਼ਾ ਤਿੰਨ ਤੋਂ ਚਾਰ ਦਿਨ ਤਕ ਜਾਰੀ ਰਹੇਗੀ ਕਿਉਂਕਿ ਇਸ ਦੌਰਾਨ ਸਾਰੇ ਪੀੜਤ ਪਰਵਾਰਾਂ ਦੇ ਦੁਖ ਬਿਆਨ ਕਰਦੇ ਪੱਤਰ ਵੀ ਪੜ੍ਹੇ ਜਾਣੇ ਹਨ। ਪੁਲਿਸ ਨੇ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਹਨ। ਕੋਰਟ ਨੂੰ ਜਾਣ ਵਾਲਾ ਰਸਤਾ ਬੰਦ ਹੈ। ਪੁਲਿਸ ਕੋਰਟ ਦੀ ਇਮਾਰਤ ਅਤੇ ਹੋਰ ਥਾਵਾਂ ਦੀਆਂ ਛੱਤਾਂ ਉਤੇ ਵੀ ਤਾਇਨਾਤ ਕੀਤੀ ਗਈ ਹੈ। ਮਾਣਯੋਗ ਜੱਜ ਕੈਮਰਨ ਮੈਂਡਰ ਇਸ ਸਜ਼ਾ ਦਾ ਕਾਰਵਾਈ ਨੂੰ ਪੂਰਾ ਕਰਨਗੇ। ਬਹੁਤ ਸਾਰੇ ਲੋਕ ਕੋਰਟ ਦੇ ਅੰਦਰ ਜਾਣ ਵਾਸਤੇ ਲਾਈਨਾਂ ਵਿਚ ਲੱਗੇ ਹਨ। ਪੀੜਤ ਪਰਵਾਰਾਂ ਦੇ ਮੈਂਬਰਾਂ ਦੇ ਵੀ ਸ਼ਾਮਲ ਹੋਣ ਦੀ ਸੰਭਾਵਨਾ ਹੈ। ਮੀਡੀਆ ਨੂੰ ਲਾਈਵ ਕਵਰੇਜ ਕਰਨ ਤੋਂ ਮਨਾਹੀ ਕੀਤੀ ਗਈ ਹੈ ਪਰ ਦੁਪਹਿਰ ਰੋਟੀ ਵਾਲੇ ਸਮੇਂ ਵਿਚ ਜਾਂ ਅੰਤ ਦੇ ਵਿਚ ਅੱਜ ਦੀ ਕਾਰਵਾਈ ਸਬੰਧੀ ਜਾਣਕਾਰੀ ਦਿਤੀ ਜਾਵੇਗੀ। ਇਕ ਦੋਸ਼ੀ ਨੂੰ 92 ਦੇ ਕਰੀਬ ਜਾਂ ਇਸ ਤੋਂ ਵੀ ਵੱਧ ਦੋਸ਼ਾਂ ਦੀਆਂ ਸਜ਼ਾਵਾਂ ਸੁਣਾਈਆਂ ਜਾਣਗੀਆਂ।