ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੋਵਿਡ-19 ਮਰੀਜਾਂ ਦੇ ਇਲਾਜ ਲਈ ਕੋਨਵਲੇਸੇਂਟ ਪਲਾਜ਼ਮਾ ਉਪਚਾਰ ਨੂੰ ਮਾਨਤਾ ਦੇਣ ਦਾ ਐਤਵਾਰ ਨੂੰ ਐਲਾਨ ਕੀਤਾ। ਇਸ ਕਦਮ ਨੂੰ ਉਹ ਇਕ ਵੱਡੀ ਸਫ਼ਲਤਾ ਦਸ ਰਹੇ ਹਨ। ਉਨ੍ਹਾਂ ਦੇ ਸਿਖਰਲੇ ਸਿਹਤ ਅਧਿਕਾਰੀ ਨੇ ਇਸ ਨੂੰ 'ਆਸਾਂ ਨਾਲ ਭਰਿਆ' ਦਸਿਆ ਹੈ ਜਦੋਂਕਿ ਹੋਰ ਸਿਹਤ ਮਾਹਰਾਂ ਦਾ ਕਹਿਣਾ ਹੈ ਕਿ ਇਸ ਦੀ ਖ਼ੁਸ਼ੀ ਮਨਾਉਣ ਤੋਂ ਪਹਿਲਾਂ ਇਸ 'ਤੇ ਅਧਿਐਨ ਦੀ ਜ਼ਰੂਰਤ ਹੈ। ਇਹ ਐਲਾਨ ਉਦੋਂ ਕੀਤਾ ਗਿਆ ਹੈ ਜਦੋਂ ਵ੍ਹਾਈਟ ਹਾਊਸ ਦੇ ਅਧਿਕਾਰੀਆਂ ਨੇ ਸ਼ਿਕਾਇਤ ਕੀਤੀ ਕਿ ਖਾਦ ਅਤੇ ਔਸ਼ਦੀ ਪ੍ਰਸ਼ਾਸਨ (ਐਫ਼ਡੀਏ) ਵਲੋਂ ਬੀਮਾਰੀ ਲਈ ਟੀਕਾ ਅਤੇ ਉਪਚਾਰ ਨੂੰ ਪ੍ਰਵਾਨ ਕਰਨ ਵਿਚ ਸਿਆਸੀ ਨਜ਼ਰ ਤੋਂ ਪ੍ਰੇਰਰਤ ਦੇਰ ਕੀਤੀ ਜਾ ਰਹੀ ਹੈ ਜਿਸ ਕਾਰਨ ਟਰੰਪ ਦੇ ਮੁੜ ਵਿਚਾਰ ਦੀਆਂ ਸੰਭਾਵਨਾਵਾਂ ਘੱਟ ਰਹੀਆਂ ਹਨ। ਰਿਪਬਲਿਕਨ ਰਾਸ਼ਟਰਪਤੀ ਸਮਾਗਮ ਤੋਂ ਪਹਿਲਾਂ ਟਰੰਪ ਨੇ ਐਤਵਾਰ ਸ਼ਾਮ ਹੋਈ ਪ੍ਰੈਸ ਵਾਰਤਾ ਵਿਚ ਪਲਾਜ਼ਮਾ ਥੈਰੇਪੀ ਨੂੰ ਮਾਨਤਾ ਦਿਤੇ ਜਾਣ ਦੇ ਐਫ਼ਡੀਏ ਵਲੋਂ ਐਲਾਨ ਦੇ ਕੇਂਦਰ ਵਿਚ ਖ਼ੁਦ ਨੂੰ ਰਖਿਆ। ਇਸ ਨਾਲ ਕੁਝ ਮਰੀਜਾਂ ਨੂੰ ਇਲਾਜ ਹਾਸਲ ਕਰਨ ਵਿਚ ਸਹੁਲਤ ਹੋਵੇਗੀ ਪਰ ਇਹ ਐਫ਼ਡੀਏ ਦੀ ਪੂਰੀ ਪ੍ਰਵਾਨਗੀ ਦੇ ਬਰਾਬਰ ਨਹੀਂ ਹੋਵੇਗੀ।
ਟਰੰਪ ਨੇ ਅਪਣੇ ਸਿਹਿਯੋਗੀਆਂ ਨੂੰ ਸਪੱਸ਼ਟ ਕਰ ਦਿਤਾ ਹੈ ਕਿ ਉਹ ਵਾਇਰਸ ਵਿਰੁਧ ਜੰਗ ਵਿਚ ਚੰਗੀ ਖ਼ਬਰ ਦੱਸਣ ਦੇ ਇਛੁਕ ਹਨ। ਟਰੰਪ ਅਤੇ ਉਨ੍ਹਾਂ ਦੇ ਸਹਿਯੋਗੀ ਇਸ ਨੂੰ ਵੱਡੀ ਸਫ਼ਲਤਾ ਦਸ ਰਹੇ ਹਨ ਅਤੇ ਇਸ ਦਾ ਐਲਾਨ ਉਨ੍ਹਾਂ ਨੇ ਵ੍ਹਾਈਟ ਹਾਊਸ ਦੇ ਬ੍ਰੀਫਿੰਗ ਰੂਮ ਤੋਂ ਕੀਤਾ।
ਕੀ ਹੈ ਪਲਾਜ਼ਮਾ ਥੈਰੇਪੀ
ਕੋਰੋਨਾ ਵਾਇਰਸ ਤੋਂ ਠੀਕ ਹੋਣ ਵਾਲੇ ਮਰੀਜਾਂ ਤੋਂ ਲਏ ਗਏ ਪਲਾਜ਼ਮਾ ਐਂਟੀਬਾਡੀਜ਼ ਨਾਲ ਯੁਕਤ ਹੁੰਦਾ ਹੈ ਅਤੇ ਬੀਮਾਰੀ ਨਾਲ ਲੜਨ ਵਾਲਿਆਂ ਲਈ ਲਾਭਕਾਰੀ ਸਾਬਤ ਹੋ ਸਕਦਾ ਹੈ ਪਰ ਹੁਣ ਤਕ ਦੇ ਸਬੂਤ ਇਸ ਬਾਰੇ ਠੋਸ ਪ੍ਰਮਾਣ ਨਹੀਂ ਦਿੰਦੇ ਕਿ ਇਹ ਕਿਵੇਂ ਕੰਮ ਕਰਦਾ ਹੈ, ਕਿਸ ਸਮੇਂ ਇਹ ਥੈਰੇਪੀ ਦਿਤੀ ਜਾਣੀ ਚਾਹੀਦੀ ਹੈ ਅਤੇ ਇਸ ਦੀ ਖ਼ੁਰਾਕ ਕਿੰਨੀ ਹੈ। ਆਫ਼ਤ ਦੀ ਵਿਆਖਿਆ ਕਰਦੇ ਹੋਏ ਇਕ ਚਿੱਠੀ ਵਿਚ ਐਫ਼ਡੀਏ ਦੇ ਮੁੱਖ ਵਿਗਿਆਨੀ ਡੇਨਿਸ ਇੰਟਨ ਨੇ ਕਿਹਾ, ''ਕੋਵਿਡ-19 ਕੋਨਵਲੇਸੇਂਟ ਪਲਾਜ਼ਮਾ ਨੂੰ ਕੋਵਿਡ-19 ਮਰੀਜਾਂ ਦੇ ਇਲਾਜ ਲਈ ਦੇਖਭਾਲ ਦਾ ਨਵਾਂ ਤਰੀਕਾ ਨਹੀਂ ਮੰਨਿਆ ਜਾਣਾ ਚਾਹੀਦਾ। ਹੋਰ ਵਿਸ਼ਲੇਸ਼ਣਾਂ ਅਤੇ ਕਲੀਨੀਕਲ ਪ੍ਰੀਖਣਾਂ ਨਾਲ ਆਉਣ ਵਾਲੇ ਮਹੀਨਿਆਂ ਵਿਚ ਹੋਰ ਡਾਟਾ ਸਾਹਮਣੇ ਆਵੇਗਾ।''