ਜ਼ੀਰਕਪੁਰ (ਸੱਚੀ ਕਲਮ ਬਿਊਰੋ) : ਅੱਜ ਕਲ ਠੱਗਾਂ ਵਲੋਂ ਨਵੇਂ-ਨਵੇਂ ਤਰੀਕੇ ਨਾਲ ਲੋਕਾਂ ਨਾਲ ਠੱਗੀ ਕੀਤੀ ਜਾਂਦੀ ਹੈ, ਜਿਸ ਦਾ ਇਕ ਨਮੂਨਾ ਜ਼ੀਰਕਪੁਰ ਵਿਚ ਦੇਖਣ ਨੂੰ ਮਿਲਿਆ। ਕਿਸੇ ਆਨਲਾਈਨ ਵੈੱਬਸਾਈਟ ਤੋਂ 15 ਹਜ਼ਾਰ ਰੁਪਏ ਦਾ ਪ੍ਰਿੰਟਰ ਖ਼ਰੀਦਣ ਤੋਂ ਬਾਅਦ ਜੇ ਕੋਰੀਅਰ ਵਾਲੇ ਤੋਂ ਮਿਲੇ ਬਾਕਸ ਵਿਚ ਤੁਹਾਨੂੰ ਪ੍ਰਿੰਟਰ ਦੀ ਜਗ੍ਹਾ ਇਕ ਪੱਥਰ ਮਿਲੇ ਤਾਂ ਸ਼ਾਇਦ ਤੁਹਾਡੇ ਵੀ ਹੋਸ਼ ਉੱਡ ਜਾਣਗੇ। ਅਜਿਹਾ ਹੀ ਇਕ ਮਾਮਲਾ ਜ਼ੀਰਕਪੁਰ ਦੇ ਪ੍ਰੀਤ ਕਾਲੋਨੀ ਖੇਤਰ ਵਿਚ ਰਹਿਣ ਵਾਲੇ ਅਭਿਨੰਦਨ ਨਾਲ ਹੋਇਆ। ਅਭਿਨੰਦਨ ਨੇ ਫ਼ਲਿਪ ਕਾਰਟ ਨਾਮਕ ਆਨਲਾਇਨ ਵੈੱਬਸਾਈਟ ਤੋਂ 15 ਹਜ਼ਾਰ ਰੁਪਏ ਦਾ ਪ੍ਰਿੰਟਰ ਖ਼ਰੀਦਿਆ ਸੀ। ਪ੍ਰਿੰਟਰ ਆਰਡਰ ਕਰਨ ਤੋਂ ਤਿੰਨ-ਚਾਰ ਦਿਨ ਬਾਅਦ ਅਭਿਨੰਦਨ ਨੂੰ ਕੋਰੀਅਰ ਕੰਪਨੀ ਵਲੋਂ ਇਕ ਬਾਕਸ ਮਿਲਿਆ। ਉਨ੍ਹਾਂ ਬਾਕਸ ਖੋਲ੍ਹ ਕੇ ਵੇਖਿਆ ਤਾਂ ਉਸ ਵਿਚ ਪ੍ਰਿੰਟਰ ਦੀ ਜਗ੍ਹਾ ਇਕ ਪੱਥਰ ਰਖਿਆ ਹੋਇਆ ਮਿਲਿਆ।
ਵੀਰਵਾਰ ਨੂੰ ਡਿਲੀਵਰੀ ਦੇਣ ਪਹੁੰਚੇ ਕੋਰੀਅਰ ਕਰਮਚਾਰੀ ਦੇ ਸਾਹਮਣੇ ਹੀ ਅਭਿਨੰਦਨ ਨੇ ਬਾਕਸ ਖੋਲ੍ਹਿਆ ਤਾਂ ਉਸ ਵਿਚ ਪ੍ਰਿੰਟਰ ਦੀ ਜਗ੍ਹਾ ਗਰੇਨਾਈਟ ਪੱਥਰ ਦੀ ਸਿੱਲੀ ਨਿਕਲੀ। ਇਹ ਵੇਖ ਕੇ ਅਭਿਨੰਦਨ ਨੇ ਲੋਕ ਇਕੱਠੇ ਕਰ ਲਏ ਅਤੇ ਕੋਰੀਅਰ ਕਰਮੀ ਨੂੰ ਘੇਰ ਲਿਆ। ਕੋਰੀਅਰ ਦੇਣ ਆਏ ਪੰਕਜ ਨੇ ਸਿਰਫ਼ ਡਿਲੀਵਰੀ ਦੇਣ ਦੀ ਗੱਲ ਕਹਿੰਦੇ ਹੋਏ ਗੜਬੜੀ ਹੋਣ ਤੋਂ ਸਾਫ਼ ਮਨਾ ਕਰ ਦਿਤਾ। ਹਾਲਾਂਕਿ ਕੋਰੀਅਰ ਡਿਲੀਵਰੀ ਦੇਣ ਆਏ ਮੁੰਡੇ ਨੂੰ ਹਾਲੇ ਅਦਾਇਗੀ ਨਹੀਂ ਦਿਤੀ ਸੀ, ਇਸ ਤੋਂ ਪਹਿਲਾਂ ਹੀ ਠੱਗੀ ਪ੍ਰਗਟ ਹੋ ਗਈ। ਪ੍ਰੀਤ ਕਾਲੋਨੀ ਵਾਸੀ ਅਭਿਨੰਦਨ ਵਿਦਿਆਰਥੀ ਹੈ। ਅਭਿਨੰਦਨ ਨੇ ਫਲਿਪਕਾਰਟ ਤੋਂ ਆਨਲਾਈਨ ਐਚ.ਪੀ. ਦਾ ਲੇਜਰਜੈੱਟ ਪ੍ਰਿੰਟਰ ਮੰਗਵਾਇਆ ਸੀ। ਇਸ ਸਬੰਧੀ ਜਦੋਂ ਕੋਰੀਅਰ ਕੰਪਨੀ ਏਰੀਆ ਮੈਨੇਜਰ ਸ਼ੁਭਮ ਨੇ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਮਾਮਲੇ ਦੀ ਪੂਰੀ ਜਾਂਚ ਕਰਵਾਈ ਜਾਵੇਗੀ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਇਹ ਵੀ ਕਿਹਾ ਕੀ ਜੇ ਉਨ੍ਹਾਂ ਦੇ ਸਟਾਫ਼ ਵਲੋਂ ਕੋਈ ਅਜਿਹੀ ਹਰਕਤ ਕੀਤੀ ਪਾਈ ਜਾਂਦੀ ਹੈ ਤਾਂ ਉਸ ਵਿਰੁਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।