ਗੜ੍ਹਦੀਵਾਲਾ : ਗੜ੍ਹਦੀਵਾਲਾ ਦੇ ਨੇੜਲੇ ਪਿੰਡ ਦਵਾਖਰੀ ਦੇ ਜੰਮਪਲ ਇਕ ਨੌਜਵਾਨ ਦੀ ਰੋਜ਼ੀ ਰੋਟੀ ਦੀ ਕਮਾਉਣ ਗਏ ਵਿਦੇਸ਼ ਬਹਿਰੀਨ ਵਿਚ ਭੇਦਭਰੀ ਹਾਲਤ ਵਿਚ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਕਰਨੈਲ ਸਿੰਘ ਸੋਢੀ ਪੁੱਤਰ ਭਾਗ ਸਿੰਘ ਵਾਸੀ ਥੇਂਦਾ ਨੇ ਦਸਿਆ ਕਿ ਮੇਰਾ ਸਾਲਾ ਅਮਰਜੀਤ ਸਿੰਘ ਪੁੱਤਰ ਮੇਹਰ ਸਿੰਘ ਪਿੰਡ ਦਵਾਖਰੀ ਜੋ ਕਿ ਲਗਭਗ ਦੋ ਸਾਲ ਪਹਿਲਾਂ ਬਹਿਰੀਨ ਵਿਖੇ ਰੋਜ਼ੀ ਰੋਟੀ ਦੀ ਭਾਲ ਵਿਚ ਗਿਆ ਸੀ । ਜਿਸਦਾ 19 ਅਗੱਸਤ ਨੂੰ ਰਾਤ ਨੂੰ ਫ਼ੋਨ ਆਇਆ ਕਿ ਮੈਂ ਬਹਿਰੀਨ ਤੋਂ ਟਰੱਕ ਲੈ ਕੇ ਸਾਊਦੀ ਅਰਬ ਗਿਆ ਸੀ, ਜਦ ਵਾਪਸ ਬਹਿਰੀਨ ਪਰਤ ਰਿਹਾ ਸੀ ਤੇ ਰਸਤੇ ਵਿਚ ਹਾਈਵੇਂ ਰੋਡ ਤੋਂ ਲਿੰਕ ਰੋਡ 'ਤੇ ਟਰੱਕ ਉੱਤਰ ਗਿਆ ਅਤੇ ਨਂੈਟਵਰਕ ਦੀ ਸਮੱਸਿਆ ਹੋਣ ਕਾਰਨ ਉਸ ਨੇ ਭਲਕੇ ਫ਼ੋਨ ਕਰਨ ਦੀ ਗਲ ਆਖਖ। ਇਸ ਸੱਭ ਮਗਰੋਂ ਦੂਸਰੇ ਦਿਨ ਉਸਦੇ ਕਿਸੇ ਨਾਲ ਰਹਿੰਦੇ ਸਾਥੀ ਦਾ ਬਹਿਰੀਨ ਤੋਂ ਟੈਲੀਫ਼ੋਨ ਆਇਆ ਕਿ ਉਸਦੀ ਮੌਤ ਹੋ ਗਈ। ਉਨ੍ਹਾਂ ਦਸਿਆ ਉਸਦੀ ਕੰਪਨੀ ਵਲੋਂ ਅਮਰਜੀਤ ਸਿੰਘ ਦੀ ਮੌਤ ਸਬੰਧੀ ਕੋਈ ਸਪੱਸ਼ਟ ਸੂਚਨਾ ਨਹੀਂ ਦਿਤੀ ਗਈ। ਉਨ੍ਹਾਂ ਦਸਿਆ ਕਿ ਅਮਰਜੀਤ ਸਿੰਘ ਦੀ ਮੌਤ ਬਾਰੇ ਅਜੇ ਤਕ ਸਾਨੂੰ ਕੋਈ ਅਸਲੀ ਕਾਰਣਾਂ ਦਾ ਪਤਾ ਨਹੀਂ ਚੱਲ ਸਕਿਆ। ਮ੍ਰਿਤਕ ਅਮਰਜੀਤ ਸਿੰਘ ਅਪਣੇ ਪਿੱਛੇ ਵਿਧਵਾ ਕਮਲਜੀਤ ਕੌਰ ਪੁੱਤਰ ਰਣਜੀਤ ਸਿੰਘ ਪੁੱਤਰੀ ਜਸਲੀਨ ਕੌਰ ਸਮੇ ਪਰਵਾਰ ਨੂੰ ਛੱਡ ਗਿਆ ਹੈ। ਉਨ੍ਹਾਂ ਦੇ ਸਮੂਹ ਪਰਵਾਰ ਵਲੋਂ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਕੋਲੋਂ ਮੰਗ ਕੀਤੀ ਕਿ ਉਸ ਦੀ ਲਾਸ਼ ਨੂੰ ਭਾਰਤ ਵਿਖੇ ਲਿਆਉਣ ਲਈ ਤੁਰਤ ਕਾਰਵਾਈ ਕੀਤੀ ਜਾਵੇ ।