ਚੰਡੀਗੜ੍ਹ : ਸ੍ਰੀ ਅਕਾਲ ਤਖਤ ਸਾਹਿਬ ਤੋਂ ਅੱਜ 5 ਜੱਥੇਦਾਰ ਸਾਹਿਬਾਨਾਂ ਵਲੋਂ ਗੁਰਦੁਆਰਾ ਪ੍ਰਮੇਸ਼ਵਰ ਦੁਆਰ ਦੇ ਮੁੱਖ ਸੇਵਾਦਾਰ ਤੇ ਸਿੱਖ ਪ੍ਰਚਾਰਕ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਬਾਰੇ ਜੋ ਫੈਸਲਾ ਸੁਣਾਇਆ ਗਿਆ, ਉਸ ਸਬੰਧੀ ਢੱਡਰੀਆਂ ਵਾਲਿਆਂ ਨੇ ਵੀਡੀਓ ਜਾਰੀ ਕਰ ਜਵਾਬ ਦਿੱਤਾ। ਢੱਡਰੀਆਂ ਵਾਲਿਆਂ ਨੇ ਕਿਹਾ ਕਿ ਉਨ੍ਹਾਂ ਉਪਰ ਜੋ ਦੋਸ਼ ਲਗਾਏ ਜਾ ਰਹੇ ਹਨ, ਉਹ ਸਾਬਿਤ ਕਰਕੇ ਦਿਖਾਓ, ਸ੍ਰੀ ਅਕਾਲ ਤਖਤ ਸਾਹਿਬ ਤਾਂ ਕੀ ਉਹ ਜੱਥੇਦਾਰਾਂ ਸਾਹਿਬਾਨਾਂ ਤੋਂ ਵੀ ਮੁਆਫ਼ੀ ਮੰਗ ਲੈਣਗੇ।
ਇਹ ਵੀ ਵੇਖੋ : 👉 ਜਥੇਦਾਰ ਦਾ ਢਡਰੀਆਂ ਵਾਲੇ ਵਿਰੁਧ ਫ਼ੁਰਮਾਨ ਜਾਰੀ
ਭਾਈ ਰਣਜੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਕਦੇ ਵੀ ਗੁਰੂ ਸਾਹਿਬਾਨਾਂ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਾਰੇ ਗਲਤ ਸ਼ਬਦਾਵਲੀ ਨਹੀਂ ਵਰਤੀ, ਜਿਸ ਸਬੰਧੀ ਸਾਰੀਆਂ ਵੀਡੀਓਜ਼ ਨੈਟ 'ਤੇ ਮੌਜੂਦ ਹਨ ਪਰ ਉਹ ਸਾਡੇ ਕੁਝ ਗ੍ਰੰਥਾਂ 'ਚ ਗੁਰੂ ਸਾਹਿਬਾਨਾਂ ਬਾਰੇ ਜੋ ਕੂੜ ਪ੍ਰਚਾਰ ਲਿਖਿਆ ਹੈ, ਉਸ ਸਬੰਧੀ ਉਨ੍ਹਾਂ ਨੇ ਜ਼ਰੂਰ ਸੰਗਤ ਨੂੰ ਜਾਣੂ ਕਰਵਾਇਆ ਹੈ।
ਭਾਈ ਰਣਜੀਤ ਸਿੰਘ ਨੇ ਕਿਹਾ ਕਿ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਨੇ ਆਦੇਸ਼ ਦਿੱਤਾ ਹੈ ਕਿ ਢੱਡਰੀਆਂ ਵਾਲਿਆਂ ਦੇ ਧਾਰਮਿਕ ਸਮਾਗਮ ਨਾ ਕਰਵਾਏ ਜਾਣ ਅਤੇ ਨਾ ਹੀ ਉਨ੍ਹਾਂ ਦੀਆਂ ਵੀਡੀਓ ਸੁਣੀਆਂ ਜਾਣ, ਨਾ ਹੀ ਸ਼ੇਅਰ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਧਾਰਮਿਕ ਸਟੇਜ਼ਾਂ ਤਾਂ ਉਹ ਪਹਿਲਾਂ ਹੀ ਛੱਡ ਚੁੱਕੇ ਹਨ, ਇਸ ਲਈ ਜੇਕਰ ਸੰਗਤ ਨੂੰ ਉਨ੍ਹਾਂ ਵਲੋਂ ਸਿੱਖ ਧਰਮ ਦੇ ਪ੍ਰਚਾਰ ਦੌਰਾਨ ਸੱਚਾਈ ਲੱਗਦੀ ਹੈ ਤਾਂ ਉਹ ਜ਼ਰੂਰ ਸੁਣੋ ਅਤੇ ਸ਼ੇਅਰ ਵੀ ਕਰੋ। ਉਨ੍ਹਾਂ ਕਿਹਾ ਕਿ ਜੇਕਰ ਉਹ ਗਲਤ ਪ੍ਰਚਾਰ ਕਰਦੇ ਹਨ ਤਾਂ ਸੰਗਤ ਸ੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਦੀ ਗੱਲ ਮੰਨ ਕੇ ਉਨ੍ਹਾਂ ਦੇ ਪ੍ਰਵਚਨ ਨਾ ਸੁਣਨ।
ਭਾਈ ਰਣਜੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਹਮੇਸ਼ਾ ਪੁਜਾਰੀਵਾਦ ਤੇ ਸੰਪਰਦਾਵਾਂ ਖਿਲਾਫ਼ ਸੱਚ ਬੋਲਿਆ ਅਤੇ ਦਸਮ ਗ੍ਰੰਥ ਵਿਚ ਗੁਰੂ ਸਾਹਿਬਾਨਾਂ ਬਾਰੇ ਜੋ ਗਲਤ ਪ੍ਰਕਾਸ਼ਿਤ ਹੈ, ਉਹ ਸੱਚਾਈ ਲੋਕਾਂ ਨੂੰ ਦੱਸੀ ਪਰ ਕੁੱਝ ਲੋਕ ਇਹ ਸੱਚਾਈ ਸੰਗਤ ਤੱਕ ਪਹੁੰਚਣ ਨਹੀਂ ਦੇਣਾ ਚਾਹੁੰਦੇ ਕਿਉਂਕਿ ਉਨ੍ਹਾਂ ਦੀਆਂ ਦੁਕਾਨਦਾਰੀਆਂ ਬੰਦ ਹੋ ਜਾਣਗੀਆਂ।
ਭਾਈ ਰਣਜੀਤ ਸਿੰਘ ਨੇ ਕਿਹਾ ਕਿ ਮੇਰੇ ਉਪਰ ਜੋ ਦੋਸ਼ ਹਨ, ਉਹ ਜੱਥੇ. ਹਰਪ੍ਰੀਤ ਸਿੰਘ ਕਿਸੇ ਵੀ ਟੀ.ਵੀ. ਚੈਨਲ 'ਤੇ ਆ ਕੇ ਮੇਰੇ ਨਾਲ ਆਹਮੋ-ਸਾਹਮਣੇ ਬੈਠ ਕੇ ਸਾਬਿਤ ਕਰ ਦੇਣ ਅਤੇ ਅਕਾਲ ਤਖਤ ਸਾਹਿਬ ਤੋਂ ਜੋ ਵੀ ਸਜ਼ਾ ਹੋਵੇਗੀ, ਉਹ ਮੈਨੂੰ ਕਬੂਲ ਹੋਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਜੱਥੇਦਾਰ ਸਾਹਿਬਾਨਾਂ ਨੇ ਗਿਆਨੀ ਇਕਬਾਲ ਸਿੰਘ ਦੇ ਬਿਆਨ ਕਿ ਸਿੱਖ ਲਵ-ਕੁਸ਼ ਦੀ ਵੰਸ਼ 'ਚੋਂ ਹਨ 'ਤੇ ਸਹਿਮਤੀ ਪ੍ਰਗਟਾਈ ਪਰ ਕੀ ਜੱਥੇਦਾਰ ਸਾਹਿਬਾਨ ਉਸ ਗ੍ਰੰਥ 'ਤੇ ਵੀ ਸਹਿਮਤੀ ਪ੍ਰਗਟਾਉਣਗੇ, ਜਿਨ੍ਹਾਂ ਨੂੰ ਪੜ੍ਹ ਕੇ ਗਿਆਨੀ ਇਕਬਾਲ ਸਿੰਘ ਨੇ ਇਹ ਸ਼ਬਦ ਕਹੇ।