ਸੈਨ ਫ੍ਰਾਂਸਿਸਕੋ : ਅਮਰੀਕਾ 'ਚ ਕੈਲੀਫੋਰਨੀਆ ਦੇ ਜੰਗਲ 'ਚ ਲੱਗੀ ਭਿਆਨਕ ਅੱਗ ਸਿਰਫ਼ ਇਕ ਹਫ਼ਤੇ 'ਚ ਲਗਭਗ ਦਸ ਲੱਖ ਏਕੜ ਤਕ ਫੈਲ ਚੁੱਕੀ ਹੈ ਅਤੇ ਹਜ਼ਾਰਾਂ ਘਰ ਤਬਾਹ ਕਰ ਚੁੱਕੀ ਹੈ, ਜਦਕਿ ਦਮਕਲ ਕਰਮੀ ਅੱਗ ਨੂੰ ਰੋਕਣ ਲਈ ਲਗਾਤਾਰ ਜੂਝ ਰਹੇ ਹਨ। ਹਾਲਾਂਕਿ ਇਸ ਹਫ਼ਤੇ ਦੇ ਆਖ਼ਿਰ 'ਚ ਨਵੀਂ ਅੱਗ ਭੜਕਨ ਦਾ ਖਦਸ਼ਾ ਪ੍ਰਗਟਾਇਆ ਗਿਆ ਹੈ, ਜਿਸ ਨੇ ਸੂਬੇ ਦੇ ਦਮਕਲ ਕਰਮੀਆਂ ਨੂੰ ਚਿੰਤਾ ਵਿਚ ਪਾ ਦਿਤਾ ਹੈ।
ਇਸ ਐਮਰਜੈਂਸੀ ਤੋਂ ਨਜਿੱਠਣ ਲਈ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸਨਿਚਰਵਾਰ ਨੂੰ ਸੰਘੀ ਮਦਦ ਦੇਣ ਲਈ ਇਕ ਵੱਡੀ ਐਮਰਜੈਂਸੀ ਐਲਾਨੀ। ਸੂਬੇ ਦੇ ਗਵਰਨਰ ਗੋਬਿਨ ਨਿਊਜਾਮ ਨੇ ਇਕ ਬਿਆਨ 'ਚ ਕਿਹਾ ਕਿ ਇਹ ਐਲਾਨ ਇਸ ਸੰਕਟ ਦੇ ਸਮੇਂ 'ਚ ਅੱਗ ਤੋਂ ਪ੍ਰਭਾਵਿਤ ਕਾਉਂਟੀ ਦੇ ਲੋਕਾਂ ਦੇ ਰਹਿਣ ਅਤੇ ਹੋਰ ਸਮਾਜਕ ਸੇਵਾਵਾਂ ਦੇਣ 'ਚ ਮਦਦ ਕਰੇਗੀ।
ਸੈਨ ਫ੍ਰਾਂਸਿਸਕੋ ਖਾੜੀ ਖੇਤਰ 'ਚ ਦੋ ਹਿੱਸਿਆਂ 'ਚ ਲੱਗੀ ਇਸ ਭਿਆਨਕ ਅੱਗ ਨੇ ਖੇਤਰਫਲ ਦੇ ਆਧਾਰ 'ਤੇ ਹਾਲ ਦੇ ਸੂਬਿਆਂ ਦੇ ਇਤਿਹਾਸ 'ਚ ਦੂਜੀ ਅਤੇ ਤੀਜੀ ਸੱਭ ਤੋਂ ਵੱਡੀ ਜੰਗਲੀ ਅੱਗ ਦੇ ਪੁਰਾਣੇ ਰੀਕਾਰਡ ਤੋੜੇ ਦਿਤੇ। ਰਾਸ਼ਟਰੀ ਮੌਸਮ ਵਿਭਾਗ ਨੇ ਐਤਵਾਰ ਸਵੇਰ ਤੋਂ ਲੈ ਕੇ ਸੋਮਵਾਰ ਦੁਪਿਹਰ ਤਕ ਖਾੜੀ ਖੇਤਰ ਅਤੇ ਸੈਂਟ੍ਰਲ ਕੋਸਟ ਕੋਲ ਹੋਰ ਭਿਆਨਕ ਅੱਗ ਲੱਗਣ ਦੇ ਖ਼ਤਰੇ ਦੀ ਚੇਤਾਵਨੀ ਜਾਰੀ ਕੀਤੀ ਹੈ।