ਸ੍ਰੀ ਆਨੰਦਪੁਰ ਸਾਹਿਬ ਸਾਹਿਬ : ਨੂਰਪੁਰਬੇਦੀ ’ਚ ਫੌਜ ਵਿਚ ਭਰਤੀ ਇਕ ਜਵਾਨ ਨੇ ਸ੍ਰੀ ਆਨੰਦਪੁਰ ਸਾਹਿਬ ਸਾਹਿਬ ਥਾਣੇ ਵਿਚ ਤਾਇਨਾਤ SHO ਖ਼ਿਲਾਫ਼ ਇਕ ਅਪਰਾਧਿਕ ਮਾਮਲੇ ਦਾ ਖੁਲਾਸਾ ਕੀਤਾ ਹੈ, ਜਿਥੇ ਉਸ ਨੇ ਦੋਸ਼ ਲਗਾਏ ਹਨ ਕਿ SHO ਨੇ ਉਸ ਦੀ ਦਸਤਾਰ ਦੀ ਬੇਅਦਬੀ ਕਰ ਕੇ ਉਸ ਦੇ ਸਿਰ ’ਤੇ ਜੁੱਤੀਆਂ ਮਾਰੀਆਂ ਸਨ ਅਤੇ ਉਸ ਨੂੰ ਝੂਠਾ ਕੇਸ ਪਾਉਣ ਦੀ ਧਮਕੀ ਵੀ ਦਿੱਤੀ। ਇਸ ਸਬੰਧੀ ਫੌਜੀ ਹਰਦੀਪ ਸਿੰਘ ਪੁੱਤਰ ਅਮਰਜੀਤ ਸਿੰਘ ਨਿਵਾਸੀ ਥਾਣਾ ਨੂਰਪੁਰ ਬੇਦੀ ਨੇ ਆਪਣੀ ਸ਼ਿਕਾਇਤ ਵਿਚ ਜ਼ਿਲ੍ਹਾ ਪੁਲਿਸ ਨੂੰ ਦੱਸਿਆ ਕਿ ਜਦੋਂ ਉਹ ਛੁੱਟੀ ਕੱਟਣ ਲਈ ਆਇਆ ਸੀ ਤਾਂ ਉਹ ਪਾਵਨ ਤਿਉਹਾਰ ਹੋਲਾ ਮੁਹੱਲਾ ਦੌਰਾਨ ਸ੍ਰੀ ਆਨੰਦਪੁਰ ਸਾਹਿਬ ਦੀ ਧਰਤੀ ’ਤੇ ਨਤਮਸਤਕ ਹੋਣ ਆਇਆ ਸੀ। ਇਸ ਦੌਰਾਨ ਉਸ ਦੇ ਕੁਝ ਦੋਸਤਾਂ ਨੂੰ ਥਾਣਾ ਇੰਚਾਰਜ ਸ੍ਰੀ ਆਨੰਦਪੁਰ ਸਾਹਿਬ ਭਾਰਤ ਭੂਸ਼ਣ ਨੇ ਮੇਲੇ ਵਿਚ ਵਾਹਨ ਦੇ ਚਲਾਨ ਕੱਟਣ ਦੇ ਨਾਂ ’ਤੇ ਫੜਿਆ ਸੀ, ਪਰ ਜਦੋਂ ਉਹ ਥਾਣੇ ’ਚ ਪਹੁੰਚਿਆ ਤਾਂ ਉਸ ਦੇ ਦੋਸਤਾਂ ਦੀ ਕੁੱਟਮਾਰ ਕੀਤੀ ਜਾ ਰਹੀ ਸੀ। ਵਿਰੋਧ ਕਰਨ ’ਤੇ ਥਾਣਾ ਇੰਚਾਰਜ ਨੇ ਉਸ ਨੂੰ ਫੜ੍ਹ ਲਿਆ ਅਤੇ ਆਪਣੇ ਮੁਲਾਜ਼ਮਾਂ ਤੋਂ ਉਸ ਦੇ ਸਿਰ ਦੀ ਪੱਗ ਉਤਰਵਾ ਦਿੱਤੀ। ਇਸ ਤੋਂ ਬਾਅਦ ਸਿਰ ’ਤੇ ਜੁੱਤੀਆਂ ਮਾਰਨ ਦਾ ਹੁਕਮ ਦਿੱਤਾ। ਘਟਨਾ ਤੋਂ ਬਾਅਦ ਪਿੰਡ ਵਾਲਿਆਂ ਨੇ ਉਸ ਨੂੰ ਛੁਡਵਾਇਆ ਅਤੇ ਥਾਣਾ ਇੰਚਾਰਜ ਨੇ ਧਮਕੀ ਦਿੱਤੀ ਕਿ ਜੇਕਰ ਉਹ ਉਸ ਦੇ ਵਿਰੁੱਧ ਜਾਏਗਾ ਤਾਂ ਉਸ ’ਤੇ ਝੂਠਾ ਕੇਸ ਬਣਾ ਦਿੱਤਾ ਜਾਵੇਗਾ। ਘਟਨਾ ਤੋਂ ਬਾਅਦ ਫੌਜੀ ਛੁੱਟੀ ਕੱਟ ਕੇ ਹਥਿਆਰਬੰਦ ਸਰਹੱਦ ਬਲ ਐਸਐਸਪੀ ਕਸ਼ਮੀਰ ਪਰਤ ਗਿਆ। ਉਥੇ ਆਪਣੇ ਉੱਚ ਅਧਿਕਾਰੀਆਂ ਨਾਲ ਉਸ ਨੇ ਘਟਨਾ ਸਬੰਧੀ ਗੱਲ ਕੀਤੀ। ਇਸ ਤੋਂ ਬਾਅਦ ਉਸ ਨੇ ਜਦੋਂ ਜ਼ਿਲ੍ਹਾ ਪੁਲਿਸ ਮੁਖੀ ਨੂੰ ਸ਼ਿਕਾਇਤ ਦਿੱਤੀ, ਜਿਸ ’ਤੇ ਕਾਰਵਾਈ ਕਰਦੇ ਹੋਏ ਐਸਐਚਓ ਭਾਰਤ ਭੂਸ਼ਣ ਨੂੰ ਸਸਪੈਂਡ ਕਰ ਦਿੱਤਾ ਗਿਆ। ਮਾਮਲੇ ’ਚ ਕਾਰਵਾਈ ਅਜੇ ਜਾਰੀ ਹੈ।