ਸ਼੍ਰੋਮਣੀ ਅਕਾਲੀ ਦਲ (ਡੀ) ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਨੇ ਰਜਿੰਦਰ ਸਿੰਘ ਰਾਜਾ ਮੁਕਤਸਰ ਨੂੰ ਆਪਣੀ ਮਾਂ ਨਾਲ ਬਦਸਲੂਕੀ ਕਰਨ ਲਈ ਪਾਰਟੀ ਤੋਂ ਕੱਢ ਦਿੱਤਾ ਹੈ ਅਤੇ ਪਾਰਟੀ ਵਰਕਰਾਂ ਨੂੰ ਉਨ੍ਹਾਂ ਨਾਲ ਕੋਈ ਸਬੰਧ ਨਾ ਰੱਖਣ ਦੀ ਹਦਾਇਤ ਕੀਤੀ ਹੈ।
ਉਨ੍ਹਾਂ ਕਿਹਾ ਕਿ ਅੱਜ ਮੇਰੇ ਧਿਆਨ ਵਿਚ ਆਇਆ ਕਿ ਇਸ ਆਦਮੀ ਨੇ ਆਪਣੀ ਮਾਂ ਨੂੰ ਘਰੋਂ ਬਾਹਰ ਸੁੱਟ ਦਿੱਤਾ ਹੈ। ਅਸੀਂ ਲੋਕਾਂ ਦੇ ਦੁੱਖਾਂ ਦੇ ਸਾਥੀ ਰਹੇ ਹਾਂ। ਜੇ ਕੋਈ ਵਿਅਕਤੀ ਆਪਣੀ ਮਾਂ ਦਾ ਨਹੀਂ ਹੈ, ਉਹ ਲੋਕਾਂ ਦਾ ਕਿਵੇਂ ਹੋ ਸਕਦਾ ਹੈ। ਅਜਿਹੇ ਪਾਤਰ ਦੇ ਲੋਕ ਸਾਡੀ ਪਾਰਟੀ ਵਿਚ ਨਹੀਂ ਰਹਿ ਸਕਦੇ। ਕਿਸੇ ਵੀ ਪਾਰਟੀ ਵਰਕਰ ਦਾ ਰਜਿੰਦਰ ਸਿੰਘ ਰਾਜਾ ਮੁਕਤਸਰ ਨਾਲ ਕੋਈ ਸਬੰਧ ਨਹੀਂ ਹੋਣਾ ਚਾਹੀਦਾ ਕਿਉਂਕਿ ਉਸਦਾ ਹੁਣ ਪਾਰਟੀ ਨਾਲ ਕੋਈ ਸਬੰਧ ਨਹੀਂ ਹੈ।
ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਸ਼੍ਰੀ ਮੁਕਤਸਰ ਸਾਹਿਬ ਵਿਖੇ ਇੱਕ ਬਜੁਰਗ ਮਾਤਾ ਮਹਿੰਦਰ ਕੌਰ, ਜਿਸ ਦੇ ਸਿਰ ਵਿਚ ਕੀੜੇ ਪਏ ਹੋਏ ਸਨ, ਨੂੰ ਲਾਵਾਰਸ ਹਾਲਤ ਵਿਚ ਸਮਾਜਸੇਵੀ ਸੰਸਥਾ ਵਲੋਂ ਸਿਵਲ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ, ਜਿਸਦਾ ਇੱਕ ਪੁੱਤਰ ਸਿਆਸੀ ਲੀਡਰ ਤੇ ਦੂਜਾ ਸਰਕਾਰੀ ਨੌਕਰੀ ’ਤੇ ਹੈ। ਇਸ ਘਟਨਾ ’ਤੇ ਰੋਸ ਪ੍ਰਗਟ ਕਰਦਿਆਂ ਗਿੱਦਡਬਾਹਾ ਵਿਖੇ ਅੱਜ ਸਮੂਹ ਸੰਘਰਸ਼ਸੀਲ ਜਥੇਬੰਦੀਆਂ ਜਿਨਾਂ ਵਿੱਚ ਆਂਗਣਵਾੜੀ ਮੁਲਾਜ਼ਮ ਯੂਨੀਅਨ (ਸੀਟੂ), ਮਾਸਟਰ ਕਾਡਰ ਯੂਨੀਅਨ, ਬਾਰ ਐਸੋਸੀਏਸ਼ਨ ਗਿੱਦੜਬਾਹਾ, ਕਿਸਾਨ-ਮਜਦੂਰ ਜੱਥੇਬੰਦੀਆਂ ਤੋਂ ਇਲਾਵਾ ਇਲਾਕੇ ਭਰ ਦੇ ਸਮਾਜਸੇਵੀ ਵਿਅਕਤੀਆਂ ਤੇ ਸਮੂਹ ਪੱਤਰਕਾਰ ਭਾਈਚਾਰੇ ਵਲੋਂ ਮੁੱਖ ਮੰਤਰੀ ਪੰਜਾਬ ਦੇ ਨਾਂਅ ਇਕ ਮੰਗ ਪੱਤਰ ਤੋਂ ਇਲਾਵਾ ਉਕਤ ਪਰਿਵਾਰ ਲਈ ਲਾਹਨਤੀ ਐਵਾਰਡ ਐਸ ਡੀ ਐਮ ਗਿੱਦੜਬਾਹਾ ਨੂੰ ਸੌਂਪਿਆ ਗਿਆ। ਮੰਗ ਪੱਤਰ ਰਾਹੀਂ ਆਗੂਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਜਿਸ ਪਰਿਵਾਰ ਦੀ ਬਜ਼ੁਰਗ ਮਾਤਾ ਇਸ ਤਰ੍ਹਾਂ ਬੁਰੀ ਹਾਲਤ ਵਿਚ ਗਲੀਆਂ ਵਿਚ ਰੁਲਦੀ ਰਹੀ, ਉਸ ਪਰਿਵਾਰ ਦੇ ਮੈਂਬਰ ਅਫ਼ਸਰ ਇਨਸਾਫ਼ ਦੀਆਂ ਕੁਰਸੀਆਂ ਦੇ ਯੋਗ ਨਹੀਂ ਹੋ ਸਕਦੇ। ਇਸ ਲਈ ਇਸ ਪਰਿਵਾਰ ਦੀ ਸ਼ਨਾਖਤ ਕਰਕੇ ਉਨਾਂ ਨੂੰ ਉੱਚ ਅਹੁਦਿਆਂ ਤੋਂ ਬਰਖਾਸਤ ਕੀਤਾ ਜਾਵੇ ਅਤੇ ਉਨ੍ਹਾਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਇਸ ਮੌਕੇ ਮੰਗ ਪੱਤਰ ਲੈਣ ਪਹੁੰਚੇ ਤਹਿਸੀਲਦਾਰ ਗੁਰਮੇਲ ਸਿੰਘ ਨੇ ਵੀ ਇਸ ਘਟਨਾ ’ਤੇ ਅਫਸੋਸ ਪ੍ਰਗਟ ਕਰਦਿਆਂ ਭਰੋਸਾ ਦਿੱਤਾ ਕਿ ਉਹ ਮੰਗ ਪੱਤਰ ਪੰਜਾਬ ਸਰਕਾਰ ਤੱਕ ਜਰੂਰ ਪਹੁੰਚਾਉਣਗੇ।