ਨਿਊਯਾਰਕ : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਛੋਟੇ ਭਰਾ ਰਾਬਰਟ ਟਰੰਪ ਦਾ ਸ਼ਨੀਵਾਰ ਰਾਤ ਨਿਊਯਾਰਕ ਦੇ ਇੱਕ ਹਸਪਤਾਲ ਵਿੱਚ ਦਿਹਾਂਤ ਹੋ ਗਿਆ ਹੈ। ਰਾਬਰਟ 71 ਸਾਲ ਦੇ ਸਨ। ਉਨ੍ਹਾਂ ਦੇ ਦਿਹਾਂਤ ਸਬੰਧੀ ਰਾਸ਼ਟਰਪਤੀ ਨੇ ਇੱਕ ਬਿਆਨ ਜਾਰੀ ਕੀਤਾ ਹੈ। ਗੰਭੀਰ ਰੂਪ ਨਾਲ ਬੀਮਾਰ ਹੋਣ ਕਾਰਨ ਉਨ੍ਹਾਂ ਨੂੰ ਹਸਪਤਾਲ ਵਿੱਚ ਭਰਤੀ ਕਰਾਇਆ ਗਿਆ ਸੀ। ਟਰੰਪ ਭੈਣ-ਭਰਾਵਾਂ ਵਿੱਚ ਸਭ ਤੋਂ ਘੱਟ ਉਮਰ ਦੇ ਰਾਬਰਟ 74 ਸਾਲਾਂ ਰਾਸ਼ਟਰਪਤੀ ਦੇ ਕਰੀਬੀ ਰਹੇ ।
ਵ੍ਹਾਈਟ ਹਾਉਸ ਦੇ ਅਧਿਕਾਰੀਆਂ ਨੇ ਦੱਸਿਆ ਸੀ ਕਿ ਸ਼ੁੱਕਰਵਾਰ ਨੂੰ ਰਾਸ਼ਟਰਪਤੀ ਗੰਭੀਰ ਰੂਪ ਵਿਚ ਬੀਮਾਰ ਆਪਣੇ ਭਰਾ ਨੂੰ ਮਿਲਣ ਲਈ ਨਿਊਯਾਰਕ ਸਿਟੀ ਹਸਪਤਾਲ ਗਏ ਸਨ। ਟਰੰਪ ਨੇ ਇੱਕ ਬਿਆਨ ਵਿੱਚ ਕਿਹਾ, ਮੈਨੂੰ ਬਹੁਤ ਦੁੱਖ ਭਰੇ ਮਨ ਨਾਲ ਦੱਸਣਾ ਪੈ ਰਿਹਾ ਹੈ ਕਿ ਮੇਰਾ ਭਰਾ ਅੱਜ ਰਾਤ ਨੂੰ ਸਾਨੂੰ ਛੱਡ ਕੇ ਚਲਾ ਗਿਆ ਹੈ। ਉਹ ਸਿਰਫ ਮੇਰਾ ਭਰਾ ਨਹੀਂ ਸੀ , ਉਹ ਮੇਰਾ ਸਭ ਤੋਂ ਚੰਗਾ ਦੋਸਤ ਸੀ। ਮੈਂ ਉਸਨੂੰ ਬਹੁਤ ਯਾਦ ਕਰਾਂਗਾਂ। ਅਸੀ ਦੁਬਾਰਾ ਮਿਲਣਗੇ। ਉਨ੍ਹਾਂ ਦੀ ਯਾਦ ਹਮੇਸ਼ਾ ਮੇਰੇ ਦਿਲ ਵਿੱਚ ਰਹੇਗੀ। ਰਾਬਰਟ, ਆਈ ਲਵ ਯੂ। ਤੁਹਾਡੀ ਆਤਮਾ ਨੂੰ ਸ਼ਾਂਤੀ ਮਿਲੇ।
ਜ਼ਿਕਰਯੋਗ ਹੈ ਕਿ ਵ੍ਹਾਈਟ ਹਾਉਸ ਨੇ ਇਸ ਬਾਰੇ ਵਿੱਚ ਅਜੇ ਨਹੀਂ ਦੱਸਿਆ ਕਿ ਰਾਬਰਟ ਟਰੰਪ ਨੂੰ ਕਿਸ ਕਾਰਨ ਹਸਪਤਾਲ ਵਿੱਚ ਭਰਤੀ ਕਰਾਇਆ ਗਿਆ ਸੀ ਲੇਕਿਨ ਅਧਿਕਾਰੀਆਂ ਨੇ ਦੱਸਿਆ ਸੀ ਕਿ ਉਹ ਗੰਭੀਰ ਰੂਪ ਵਿਚ ਬੀਮਾਰ ਸਨ। ਸ਼ੁੱਕਰਵਾਰ ਨੂੰ ਨਿਊਜਰਸੀ ਪੁੱਜਣ 'ਤੇ ਟਰੰਪ ਨੇ ਕਿਹਾ ਸੀ, ਮੈਂ ਹਸਪਤਾਲ ਜਾ ਰਿਹਾ ਹਾਂ। ਮੈਨੂੰ ਉਮੀਦ ਹੈ ਕਿ ਉਹ ਠੀਕ ਹੋਣਗੇ। ਨਿਊਯਾਰਕ ਲਈ ਰਵਾਨਾ ਹੋਣ ਦੇ ਪਹਿਲੇ ਟਰੰਪ ਨੇ ਪੱਤਰਕਾਰਾਂ ਨੂੰ ਕਿਹਾ ਸੀ, ਭਰਾ ਨਾਲ ਮੇਰੇ ਬਹੁਤ ਚੰਗੇ ਸੰਬੰਧ ਹਨ। ਉਹ ਹੁਣ ਹਸਪਤਾਲ ਵਿੱਚ ਹਨ ਅਤੇ ਆਸ ਹੈ ਕਿ ਉਹ ਠੀਕ ਹੋ ਜਾਣਗੇ। ਪਰ ਉਨ੍ਹਾਂ ਲਈ ਇਹ ਮੁਸ਼ਕਲ ਸਮਾਂ ਹੈ।