ਮੁੰਬਈ : ਬਾਲੀਵੁੱਡ ਦੇ ਮਸ਼ਹੂਰ ਗਾਇਕ ਬਾਦਸ਼ਾਹ ਨੂੰ ਲੈ ਕੇ ਮੁੰਬਈ ਪੁਲਸ ਨੇ ਵੱਡਾ ਖੁਲਾਸਾ ਕੀਤਾ ਹੈ। ਮੁੰਬਈ ਪੁਲਸ ਨੇ ਗਾਇਕ ’ਤੇ ਉਸ ਦੇ ਗੀਤ ‘ਪਾਗਲ’ ਦੇ ਵਿਊਜ਼ ਵਧਾਉਣ ਲਈ ਫੇਕ ਵਿਊਜ਼ ਖਰੀਦਣ ਦਾ ਦੋਸ਼ ਲਗਾਇਆ ਹੈ। ਪੁਲਸ ਨੇ ਦਾਅਵਾ ਕੀਤਾ ਹੈ ਕਿ ਗਾਇਕ ਨੇ ਆਪਣੇ ਗੀਤ ਨਾਲ ਰਿਕਾਰਡ ਬਣਾਉਣ ਲਈ ਸੋਸ਼ਲ ਮੀਡੀਆ ਇਨਫਲੂਐਂਸਰਜ਼ ਦੀ ਮਦਦ ਲਈ ਹੈ, ਜਿਸ ਲਈ ਉਸ ਨੇ 72 ਲੱਖ ਰੁਪਏ ਦਾ ਭੁਗਤਾਨ ਕੀਤਾ ਹੈ।
ਬਾਦਸ਼ਾਹ ਨੇ ਆਰੋਪਾਂ ਤੋਂ ਕੀਤਾ ਇਨਕਾਰ
ਉਥੇ ਗਾਇਕ ਬਾਦਸ਼ਾਹ ਨੇ ਇਨ੍ਹਾਂ ਆਰੋਪਾਂ ਨੂੰ ਸਹੀ ਨਹੀਂ ਦੱਸਿਆ ਹੈ। ਪੁਲਸ ਦਾ ਦੋਸ਼ ਹੈ ਕਿ ਗਾਇਕ ਨੇ 72 ਲੱਖ ਰੁਪਏ ’ਚ 7.2 ਕਰੋੜ ਵਿਊਜ਼ ਖਰੀਦੇ ਹਨ ਤਾਂ ਕਿ ਯੂਟਿਊਬ ’ਤੇ 24 ਘੰਟਿਆਂ ’ਚ ਸਭ ਤੋਂ ਵੱਧ ਦੇਖੇ ਜਾਣ ਵਾਲੇ ਮਿਊਜ਼ਿਕ ਵੀਡੀਓ ਦਾ ਰਿਕਾਰਡ ਬਣਾਇਆ ਜਾ ਸਕੇ। ਦੱਸਣਯੋਗ ਹੈ ਕਿ ਬਾਦਸ਼ਾਹ ਨੇ ਵੀ ਦਾਅਵਾ ਕੀਤਾ ਸੀ ਕਿ ਉਸ ਦੇ ਮਿਊਜ਼ਿਕ ਵੀਡੀਓ ‘ਪਾਗਲ’ ਨੂੰ 24 ਘੰਟਿਆਂ ’ਚ 75 ਮਿਲੀਅਨ ਲੋਕਾਂ ਨੇ ਦੇਖਿਆ ਹੈ। ਜਿਸ ਨੇ ਟੇਲਰ ਸਫਿਵਟ ਤੇ ਕੋਰੀਅਨ ਬੈਂਡ ਬੀ. ਟੀ. ਐੱਸ. ਨੂੰ ਵੀ ਪਿੱਛੇ ਛੱਡ ਦਿੱਤਾ ਹੈ।
ਪੁਲਸ ਨੇ ਕੀਤਾ ਦਾਅਵਾ
ਉਥੇ ਨੰਦ ਕਿਸ਼ੋਰ ਠਾਕੁਰ ਡਿਪਟੀ ਕਮਿਸ਼ਨਰ ਆਫ ਪੁਲਸ ਦਾ ਕਹਿਣਾ ਹੈ ਕਿ ਬਾਦਸ਼ਾਹ ਨੇ ਪੁਲਸ ਪੁੱਛਗਿੱਛ ’ਚ ਕਬੂਲਿਆ ਹੈ ਕਿ ਉਸ ਨੇ ਯੂਟਿਊਬ ’ਤੇ ਵਰਲਡ ਰਿਕਾਰਡ ਬਣਾਉਣ ਲਈ 72 ਲੱਖ ’ਚ 7.2 ਕਰੋੜ ਵਿਊਜ਼ ਖਰੀਦੇ ਹਨ। ਅਧਿਕਾਰੀ ਦਾ ਕਹਿਣਾ ਹੈ ਕਿ ਉਹ ਬਾਦਸ਼ਾਹ ਦੇ ਹੋਰਨਾਂ ਗੀਤਾਂ ਦੀ ਵੀ ਜਾਂਚ ਕਰ ਰਹੇ ਹਨ, ਜੋ ਉਨ੍ਹਾਂ ਨੇ ਸੋਸ਼ਲ ਮੀਡੀਆ ’ਤੇ ਪੋਸਟ ਕੀਤੇ ਹਨ।
ਕਾਨੂੰਨ ’ਤੇ ਹੈ ਪੂਰਾ ਭਰੋਸਾ
ਉਥੇ ਇਸ ਪੂਰੇ ਮਾਮਲੇ ’ਚ ਗਾਇਕ ਬਾਦਸ਼ਾਹ ਦਾ ਕਹਿਣਾ ਹੈ ਕਿ ਇਹ ਸਾਰੇ ਆਰੋਪ ਝੂਠੇ ਹਨ। ਉਹ ਪੁਲਸ ਜਾਂਚ ’ਚ ਪੂਰੀ ਤਰ੍ਹਾਂ ਨਾਲ ਸਹਿਯੋਗ ਕਰ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਅਜਿਹੀ ਕਿਸੇ ਤਰ੍ਹਾਂ ਦੀ ਜਾਅਲਸਾਜ਼ੀ ’ਚ ਸ਼ਾਮਲ ਨਹੀਂ ਹਨ ਤੇ ਉਨ੍ਹਂ ਨੂੰ ਦੇਸ਼ ਦੇ ਕਾਨੂੰਨ ਤੇ ਪ੍ਰਸ਼ਾਸਨ ’ਤੇ ਪੂਰੀ ਤਰ੍ਹਾਂ ਨਾਲ ਯਕੀਨ ਹੈ।