ਚੰਡੀਗੜ੍ਹ : ਅਯੁੱਧਿਆ ਵਿਖੇ ਸ੍ਰੀ ਰਾਮ ਮੰਦਰ ਨਿਰਮਾਣ ਮੌਕੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਸੰਬੋਧਨ 'ਚ ਕਿਹਾ ਸੀ ਕਿ ਸਿੱਖ ਧਰਮ ਦੇ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ 'ਗੋਬਿੰਦ ਰਮਾਇਣ' ਲਿਖੀ ਗਈ, ਜਦੋਂ ਕਿ ਪਟਨਾ ਸਾਹਿਬ ਦੇ ਸਾਬਕਾ ਜਥੇਦਾਰ ਇਕਬਾਲ ਸਿੰਘ ਨੇ ਕਿਹਾ ਸੀ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਗੁਰੂ ਗੋਬਿੰਦ ਸਿੰਘ ਜੀ ਭਗਵਾਨ ਸ੍ਰੀ ਰਾਮ ਜੀ ਦੀ ਵੰਸ਼ 'ਚੋਂ ਹਨ। ਇਨ੍ਹਾਂ ਬਿਆਨਾਂ ਨੇ ਸਿੱਖ ਧਰਮ ਦੇ ਵਿਦਵਾਨਾਂ 'ਚ ਨਵੀਂ ਚਰਚਾ ਛੇੜ ਦਿੱਤੀ ਹੈ।
ਇਸ ਸਬੰਧੀ ਸਿੱਖ ਧਰਮ ਦੇ ਪ੍ਰਚਾਰਕ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਭਾਈ ਹਰਪ੍ਰੀਤ ਸਿੰਘ ਵੱਲ ਨਿਸ਼ਾਨਾ ਸਾਧਦਿਆਂ ਕਿਹਾ ਕਿ ਜੱਥੇਦਾਰ ਜੀ ਸਿੱਖ ਕੌਮ ਨੂੰ ਜਵਾਬ ਦਿੰਦਿਆਂ ਦੁਵਿਧਾ 'ਚੋਂ ਕੱਢੋ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸਾਬਕਾ ਜੱਥੇਦਾਰ ਇਕਬਾਲ ਸਿੰਘ ਵਲੋਂ ਦਿੱਤਾ ਬਿਆਨ ਸਹੀ ਹੈ ਜਾਂ ਗਲਤ।
ਭਾਈ ਰਣਜੀਤ ਸਿੰਘ ਨੇ ਕਿਹਾ ਕਿ ਸਾਬਕਾ ਜੱਥੇ. ਇਕਬਾਲ ਸਿੰਘ ਨੇ, ਜੋ ਇਹ ਤੱਥ ਪੇਸ਼ ਕੀਤੇ ਕਿ ਸਾਡੇ ਗੁਰੂ ਸਾਹਿਬਾਨਾਂ ਦੇ ਵੰਸ਼ ਭਗਵਾਨ ਰਾਮ ਦੇ ਪੁੱਤਰ ਲਵ ਤੇ ਕੁਸ਼ ਸਨ, ਇਹ ਸਭ ਕੁੱਝ ਸਾਡੇ ਹੀ ਦਸਮ ਗ੍ਰੰਥ 'ਚ ਲਿਖਿਆ ਹੋਇਆ ਹੈ, ਇਸ ਲਈ ਸ੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਜੀ ਸਪੱਸ਼ਟ ਕਰੋ ਕਿ ਦਸਮ ਗ੍ਰੰਥ 'ਚ ਜੋ ਕੁੱਝ ਲਿਖਿਆ ਸਹੀ ਹੈ ਜਾਂ ਗਲਤ। ਉਨ੍ਹਾਂ ਕਿਹਾ ਕਿ ਜੇਕਰ ਇਹੀ ਬਿਆਨ ਉਨ੍ਹਾਂ ਨੇ ਦਿੱਤਾ ਹੁੰਦਾ ਤਾਂ ਹੁਣ ਤੱਕ ਬਹੁਤ ਵੱਡਾ ਵਿਵਾਦ ਹੋ ਜਾਣਾ ਸੀ ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਅਤੇ ਅਕਾਲ ਤਖਤ ਸਾਹਿਬ ਦੇ ਸਾਬਕਾ ਜੱਥੇਦਾਰ ਵਲੋਂ ਦਿੱਤੇ ਬਿਆਨ 'ਤੇ ਸਾਰਿਆਂ ਨੇ ਚੁੱਪੀ ਕਿਉਂ ਧਾਰ ਲਈ।
ਭਾਈ ਰਣਜੀਤ ਸਿੰਘ ਨੇ ਕਿਹਾ ਕਿ ਉਹ ਹਮੇਸ਼ਾ ਹੀ ਕਹਿੰਦੇ ਹਨ ਕਿ ਦਸਮ ਗ੍ਰੰਥ 'ਚ ਜੋ ਲਿਖਿਆ ਹੈ, ਹੁਣ ਸਾਹਮਣੇ ਆਉਣ ਲੱਗ ਪਿਆ ਹੈ। ਉਨ੍ਹਾਂ ਕਿਹਾ ਕਿ ਸਾਨੂੰ ਹਮੇਸ਼ਾ ਇਹ ਦੱਸਿਆ ਗਿਆ ਹੈ ਕਿ ਸਿੱਖ ਇੱਕ ਵੱਖਰੀ ਕੌਮ ਹੈ, ਜਦੋਂ ਕਿ ਹੁਣ ਸਾਨੂੰ ਲਵ-ਕੁਸ਼ ਦੇ ਵੰਸ਼ 'ਚੋਂ ਦੱਸਿਆ ਜਾ ਰਿਹਾ ਹੈ। ਭਾਈ ਰਣਜੀਤ ਸਿੰਘ ਨੇ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਭਾਈ ਹਰਪ੍ਰੀਤ ਸਿੰਘ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਸਾਬਕਾ ਜੱਥੇ. ਇਕਬਾਲ ਸਿੰਘ ਦੇ ਬਿਆਨਾਂ ਬਾਰੇ ਆਪਣਾ ਪੱਖ ਜ਼ਰੂਰ ਰੱਖਣ।