ਪਟਿਆਲਾ: ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਆਖਿਆ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਪਟਿਆਲਾ ਵਿਚ ਲਗਾਇਆ ਧਰਨਾ ਉਸੇ ਤਰ੍ਹਾਂ ਦਾ ਇਕ ਸਵਾਂਗ ਹੈ ਜਿਸ ਤਰਾਂ ਕਿ ਡੇਰਾ ਮੁਖੀ ਨੇ ਸਿੱਖ ਮਰਿਆਦਾਵਾਂ ਦਾ ਘਾਣ ਕਰਨ ਲਈ ਡੇਰਾ ਸਲਾਬਤਪੁਰਾ ਵਿਚ ਕੀਤਾ ਸੀ।
ਸੂਬਾ ਕਾਂਗਰਸ ਪ੍ਰਧਾਨ ਨੇ ਅੱਜ ਇੱਥੋਂ ਜਾਰੀ ਬਿਆਨ ਵਿਚ ਕਿਹਾ ਕਿ ਧਰਨੇ ਤੇ ਅੱਜ ਉਹੀ ਬੰਦੇ ਬੈਠੇ ਸਨ ਜਿੰਨ੍ਹਾਂ ਦੇ ਰਾਜ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਚੋਰੀ ਕਰਕੇ ਸ਼ਰੇਆਮ ਪੋਸ਼ਟਰ ਲਗਾਏ ਗਏ ਸਨ ਅਤੇ ਜਿਨ੍ਹਾਂ ਦੀ ਸਰਕਾਰ ਨੇ ਖੁਦ ਡੇਰਾ ਮੁੱਖੀ ਖਿਲਾਫ ਦਰਜ ਕੀਤਾ ਕੇਸ ਵਾਪਿਸ ਲਿਆ ਸੀ। ਉਨ੍ਹਾਂ ਨੇ ਸਵਾਲ ਕੀਤਾ ਕਿ ਸੁਖਬੀਰ ਸਿੰਘ ਬਾਦਲ ਦੱਸਣ ਕਿ ਕੀ ਉਕਤ ਹਿਰਦੇ ਵੰਲੂਧਰਨ ਵਾਲਿਆਂ ਮੰਦਭਾਗੀਆਂ ਘਟਨਾਵਾਂ ਸਮੇਂ ਸੁਖਬੀਰ ਸਿੰਘ ਬਾਦਲ ਸੂਬੇ ਦੇ ਉਪ ਮੁੱਖ ਮੰਤਰੀ ਸਨ ਜਾਂ ਨਹੀਂ, ਜਾਂ ਕੀ ਉਨਾਂ ਕੋਲ ਸੂਬੇ ਦੇ ਗ੍ਰਹਿ ਵਿਭਾਗ ਦਾ ਕਾਰਜਭਾਰ ਸੀ ਜਾਂ ਨਹੀਂ ਸੀ ਅਤੇ ਕੀ ਉਨ੍ਹਾਂ ਦੀ ਪਾਰਟੀ ਉਸ ਸਮੇਂ ਪੰਥਕ ਪਾਰਟੀ ਹੈ ਸੀ ਜਾਂ ਨਹੀਂ ਸੀ
ਜਾਖੜ ਨੇ ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੂੰ ਯਾਦ ਕਰਵਾਇਆ ਕਿ ਉਨ੍ਹਾਂ ਦੀ ਸਰਕਾਰ ਦੇ ਸਮੇਂ ਹੀ ਸਲਾਬਤਪੁਰਾ ਵਿਚ ਡੇਰਾ ਮੁੱਖੀ ਨੇ ਪੂਰੇ ਪੰਥ ਦੀਆਂ ਭਾਵਨਾਵਾਂ ਨਾਲ ਖਿਲਵਾੜ ਕੀਤਾ ਅਤੇ ਅਕਾਲੀ ਦਲ ਦੀ ਹੀ ਅਖੌਤੀ ਪੰਥਕ ਸਰਕਾਰ ਨੇ 2012 ਵਿਚ ਡੇਰਾ ਮੁੱਖੀ ਖਿਲਾਫ ਕੇਸ ਵਾਪਿਸ ਲੈ ਲਿਆ ਸੀ। ਫਿਰ ਜਦ 2015 ਵਿਚ ਬੁਰਜ ਜਵਾਹਰ ਸਿੰਘ ਵਾਲਾ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਚੋਰੀ ਹੋਏ ਤਾਂ ਦੋਸ਼ੀਆਂ ਨੂੰ ਲੱਭ ਕੇ ਕਾਰਵਾਈ ਕਰਨ ਦੀ ਬਜਾਏ ਸ਼੍ਰੋਮਣੀ ਅਕਾਲੀ ਦਲ ਦੀ ਇਸੇ ਪੰਥਕ ਸਰਕਾਰ ਨੇ ਇਕ ਵਾਰ ਫਿਰ ਸਾਂਤਮਈ ਤਰੀਕੇ ਨਾਲ ਪ੍ਰਦਰਸ਼ਨ ਕਰ ਰਹੀਆਂ ਨਿਹੱਥੀਆਂ ਸੰਗਤਾਂ ਤੇ ਗੋਲੀਆਂ ਚਲਾ ਕੇ ਆਪਣੀਆਂ ਸਿਆਸੀ ਰੋਟੀਆਂ ਸੇਕੀਆਂ ਸਨ।
ਸੂਬਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਕਾਂਗਰਸ ਦੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਦੀਆਂ ਏਂਜਸੀਆਂ ਜਹੀਆਂ ਤਾਂ ਬੇਅਦਬੀ ਅਤੇ ਗੋਲੀਕਾਂਡ ਨਾਲ ਜੁੜੇ ਬਹੁਤ ਸਾਰੇ ਕੇਸਾਂ ਨੂੰ ਹੱਲ ਕਰਨ ਦੇ ਨੇੜੇ ਪੁੱਜ ਗਈਆਂ ਹਨ ਪਰ ਅੱਜ ਵੀ ਅਕਾਲੀ ਦਲ ਹੀ ਸੀ ਬੀ ਆਈ ਰਾਹੀਂ ਉਕਤ ਕੇਸਾਂ ਦੀ ਜਾਂਚ ਵਿਚ ਅੜਿਕੇ ਡਾਹ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਹੁਣ ਵੀ ਜਿੱਥੇ ਵੀ ਕੋਈ ਮਾੜੀ ਘਟਨਾ ਹੋਵੇਗੀ ਕਾਨੂੰਨ ਸਖ਼ਤੀ ਨਾਲ ਕੰਮ ਕਰੇਗਾ ਪਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਧਰਨਿਆਂ ਦਾ ਸਵਾਂਗ ਕਰਨ ਤੋਂ ਪਹਿਲਾਂ ਆਪਣੇ ਅਤੀਤ ਨੂੰ ਜਰੂਰ ਯਾਦ ਕਰ ਲੈਣ।