ਲਖਨਊ : ਚੋਣ ਕਮਿਸ਼ਨ ਦੇ ਪ੍ਰਚਾਰ 'ਤੇ 72 ਘੰਟਿਆਂ ਦੀ ਰੋਕ ਤੋਂ ਬਾਅਦ ਮੁੱਖ ਮੰਤਰੀ ਯੋਗੀ ਆਦਿੱਤਿਯਨਾਥ ਨੇ ਮੰਗਲਵਾਰ ਦੀ ਸਵੇਰ ਹਨੂੰਮਾਨ ਸੇਤੂ ਸਥਿਤ ਬਜਰੰਗ ਬਲੀ ਦੇ ਮੰਦਰ 'ਚ ਪੂਜਾ ਕੀਤੀ। ਮੁੱਖ ਮੰਤਰੀ ਮੰਗਲਵਾਰ ਦੀ ਸਵੇਰ ਕਰੀਬ 8.30 ਵਜੇ ਸ਼ਹਿਰ ਦਰਮਿਆਨ ਸਥਿਤ ਹਨੂੰਮਾਨ ਸੇਤੂ 'ਤੇ ਬਜਰੰਗ ਬਲੀ ਦੇ ਮੰਦਰ ਪਹੁੰਚੇ ਅਤੇ ਉਨ੍ਹਾਂ ਨੇ ਪੂਜਾ ਕੀਤੀ ਅਤੇ ਹਨੂੰਮਾਨ ਚਾਲੀਸਾ ਦਾ ਪਾਠ ਕੀਤਾ। ਯੋਗੀ ਮੰਦਰ 'ਚ ਕਰੀਬ 20 ਮਿੰਟ ਤੱਕ ਰਹੇ। ਇਸ ਦੌਰਾਨ ਉਨ੍ਹਾਂ ਨੇ ਉੱਥੇ ਮੀਡੀਆ ਨਾਲ ਕੋਈ ਗੱਲ ਨਹੀਂ ਕੀਤੀ ਅਤੇ ਮੁਸਕੁਰਾਉਂਦੇ ਹੋਏ ਵਾਪਸ ਚੱਲੇ ਗਏ। ਜ਼ਿਕਰਯੋਗ ਹੈ ਕਿ ਚੋਣ ਪ੍ਰਚਾਰ ਦੌਰਾਨ ਮਾਇਆਵਤੀ ਅਤੇ ਯੋਗੀ ਦੇ ਕਥਿਤ ਤੌਰ 'ਤੇ ਨਫ਼ਰਤ ਫੈਲਾਉਣ ਵਾਲੇ ਭਾਸ਼ਣਾਂ ਦਾ ਸੁਪਰੀਮ ਕੋਰਟ ਨੇ ਸੋਮਵਾਰ ਨੂੰ ਨੋਟਿਸ ਲਿਆ ਸੀ। ਇਸ ਦੌਰਾਨ ਸੁਪਰੀਮ ਕੋਰਟ ਨੇ ਚੋਣ ਕਮਿਸ਼ਨ ਤੋਂ ਜਾਣਨਾ ਚਾਹਿਆ ਕਿ ਉਸ ਨੇ ਇਨ੍ਹਾਂ ਵਿਰੁੱਧ ਅਜੇ ਤੱਕ ਕੀ ਕਾਰਵਾਈ ਕੀਤੀ ਹੈ। ਇਸ ਤੋਂ ਬਾਅਦ ਚੋਣ ਕਮਿਸ਼ਨ ਨੇ ਮਾਇਆਵਤੀ ਦੇ ਚੋਣ ਪ੍ਰਚਾਰ ਕਰਨ 'ਤੇ 48 ਘੰਟੇ ਅਤੇ ਯੋਗੀ ਆਦਿੱਤਿਯਨਾਥ 'ਤੇ 72 ਘੰਟੇ ਬੈਨ ਲਗਾਇਆ ਹੈ। ਚੋਣ ਪ੍ਰਚਾਰ ਤੋਂ ਰੋਕੇ ਜਾਣ 'ਤੇ ਭਾਜਪਾ ਨੇ ਚੋਣ ਕਮਿਸ਼ਨ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਫੈਸਲੇ 'ਤੇ ਮੁੜ ਵਿਚਾਰ ਕਰੇ।