ਪੰਜਾਬ ਯੂਨੀਵਰਸਿਟੀ ਨੇ ਇਸ ਵਾਰ ਵਿਦਿਆਰਥੀਆਂ ਨੂੰ ਆਨਲਾਈਨ ਡਿਗਰੀਆਂ ਦੇਣ ਦੀ ਤਿਆਰੀ ਕਰ ਲਈ ਹੈ। ਪਿਛਲੇ ਦੋ ਕੁ ਸਾਲਾਂ ਤੋਂ ਯੂਨੀਵਰਸਿਟੀ ਵਿੱਚ ਨੈਸ਼ਨਲ ਅਕਾਦਮਿਕ ਡਿਪੋਜ਼ਿਟਰੀ (NAD) ਉੱਤੇ ਵਿਦਿਆਰਥੀਆਂ ਦੀਆਂ ਡਿਗਰੀਆਂ ਪਾਉਣ ਦਾ ਕੰਮ ਚੱਲ ਰਿਹਾ ਸੀ। ਇਸ ਸਾਲ ਕੋਰੋਨਾਵਾਇਰਸ ਦੇ ਚਲਦਿਆਂ ਵਿਦਿਆਰਥੀਆਂ ਨੂੰ ਡਿਗਰੀਆਂ ਲੈਣ ਵਿੱਚ ਆਉਣ ਵਾਲੀਆਂ ਮੁਸ਼ਕਿਲਾਂ ਤੋਂ ਨਿਜਾਤ ਮਿਲੇਗੀ। ਕੰਟ੍ਰੋਲਰ ਪ੍ਰੀਖਿਆਵਾਂ, ਪ੍ਰੋ ਪਰਵਿੰਦਰ ਸਿੰਘ ਨੇ ਦੱਸਿਆ ਕਿ ਹੁਣ ਤੱਕ ਸੈਸ਼ਨ 2018-19 ਅਤੇ 2019-20 ਦੇ ਤਕਰੀਬਨ 35000 ਪੀਜੀ ਤੇ ਪੀ ਐਚ ਡੀ ਵਿਦਿਆਰਥੀਆਂ ਦਾ ਡਾਟਾ ਅਪਲੋਡ ਕਰ ਦਿੱਤਾ ਗਿਆ ਹੈ। 800 ਤੋਂ ਜ਼ਿਆਦਾ ਰਿਸਰਚ ਸਕਾਲਰ ਜੁੜ ਚੁੱਕੇ ਹਨ ਅਤੇ ਕੋਰੋਨਾਵਾਇਰਸ ਦੇ ਚਲਦਿਆਂ 110 ਨੇ ਆਪਣੀ ਡਿਗਰੀ ਡਾਉਨਲੋਡ ਕਰ ਲਈ ਹੈ। NAD ਵਿੱਚ ਵਿਦਿਆਰਥੀਆਂ ਨੂੰ ਆਪਣੀ ਮਾਰਕਸ਼ੀਟ, ਡਿਗਰੀ ਅਤੇ ਸਰਟੀਫਿਕੇਟ ਮਿਲਣਗੇ। ਡਿਜੀਟਲ ਹੋਣ ਕਾਰਨ ਵਿਦਿਆਰਥੀਆਂ ਨੂੰ ਇਹਨਾਂ ਦੇ ਖੋ ਜਾਣ ਦਾ ਡਰ ਨਹੀਂ ਹੋਵੇਗਾ ਅਤੇ ਕਿਤੇ ਵੀ ਬੈਠੇ ਆਪਣੀ ਡਿਗਰੀ ਡਾਊਨਲੋਡ ਕਰ ਸਕਦੇ ਹਨ। ਇਹ ਪੂਰੀ ਤਰ੍ਹਾਂ ਸੁਰੱਖਿਅਤ ਪਲੇਟਫਾਰਮ ਹੈ। ਪ੍ਰੋ ਸਿੰਘ ਨੇ ਕਿਹਾ ਕਿ ਇਸ ਨਾਲ ਵਿਦਿਆਰਥੀਆਂ ਦੀ ਦਿੱਕਤ ਦਾ ਨਿਬੇੜਾ ਤਾਂ ਹੋਏਗਾ ਹੀ ਸਗੋਂ ਇਮਤਿਹਾਨਾਂ ਦੇ ਸਿਸਟਮ ਵਿੱਚ ਇੱਕ ਹੋਰ ਵੱਡਾ ਸੁਧਾਰ ਵੀ ਹੋਏਗਾ।