ਚੰਡੀਗੜ੍ਹ : ਆਮ ਆਦਮੀ ਪਾਰਟੀ (AAP) ਪੰਜਾਬ ਦੇ ਪ੍ਰਧਾਨ ਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਡੇਰਾ ਸਿਰਸਾ ਮੁਖੀ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਰਗੀ ਪੁਸ਼ਾਕ ਦੀ ਸੌਗਾਤ ਦੇਣ ਸਬੰਧੀ ਸੁਖਬੀਰ ਬਾਦਲ 'ਤੇ ਲੱਗੇ ਗੰਭੀਰ ਦੋਸ਼ਾਂ ਬਾਰੇ ਬਾਦਲ ਪਰਿਵਾਰ ਦੀ ਚੁੱਪੀ 'ਤੇ ਸਵਾਲ ਖੜ੍ਹੇ ਕੀਤੇ ਹਨ। ਇਕ ਬਿਆਨ ਰਾਹੀਂ ਭਗਵੰਤ ਮਾਨ ਨੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਅਕਾਲੀ ਦਲ (ਬਾਦਲ) ਦੇ ਪ੍ਰਧਾਨ ਅਤੇ ਸੰਸਦ ਮੈਂਬਰ ਸੁਖਬੀਰ ਬਾਦਲ, ਕੇਂਦਰੀ ਮੰਤਰੀ ਹਰਸਿਮਰਤ ਬਾਦਲ ਅਤੇ ਬਾਦਲ ਪਰਿਵਾਰ ਦੇ ਕਰੀਬੀ ਰਿਸ਼ਤੇਦਾਰ ਬਿਕਰਮ ਸਿੰਘ ਮਜੀਠੀਆ ਦੇ ਪਾਸਪੋਰਟ ਜ਼ਬਤ ਕਰਨ ਦੀ ਮੰਗ ਕਰਦਿਆਂ ਕਿਹਾ ਕਿ ਇੰਨੇ ਗੰਭੀਰ ਇਲਜ਼ਾਮਾਂ 'ਤੇ ਚੁੱਪੀ ਧਾਰ ਕੇ ਬਾਦਲਾਂ ਨੇ ਅੱਧਾ ਕਬੂਲਨਾਮਾ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਬੜੀ ਹੈਰਾਨੀ ਹੋ ਰਹੀ ਹੈ ਕਿ ਖ਼ੁਦ ਨੂੰ ਸਭ ਤੋਂ ਵੱਡੇ ਪੰਥਕ ਆਗੂ ਅਤੇ 'ਫ਼ਖਰ-ਏ-ਕੌਮ' ਕਹਾਉਣ ਵਾਲੇ ਪ੍ਰਕਾਸ਼ ਸਿੰਘ ਬਾਦਲ ਚੁੱਪ ਹਨ। ਸੁਖਬੀਰ, ਹਰਸਿਮਰਤ ਅਤੇ ਮਜੀਠੀਆ ਵੀ ਚੁੱਪ ਹਨ। ਇਥੋਂ ਤਕ ਕਿ ਹਰ ਨਿੱਕੀ-ਵੱਡੀ ਗੱਲ 'ਤੇ ਬਾਦਲਾਂ ਦੀ ਹਾਂ 'ਚ ਹਾਂ ਮਿਲਾਉਣ ਵਾਲੇ ਵਿਰਸਾ ਸਿੰਘ ਵਲਟੋਹਾ, ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਅਤੇ ਡਾ. ਦਲਜੀਤ ਚੀਮਾ ਵਰਗੇ ਵੀ ਚੁੱਪ ਹਨ। ਕੀ ਇਹ ਚੁੱਪ ਅੱਧਾ ਕਬੂਲਨਾਮਾ ਨਹੀਂ ਹੈ? ਜੋ ਲੋਕਾਂ ਦੇ ਸ਼ੱਕ ਨੂੰ ਯਕੀਨ ਵਿਚ ਬਦਲ ਰਿਹਾ ਹੈ। ਮਾਨ ਨੇ ਕਿਹਾ ਕਿ ਸਿਰਫ਼ ਗੋਬਿੰਦ ਸਿੰਘ ਲੌਂਗੋਵਾਲ ਨੇ ਹੀ ਬਾਦਲਾਂ ਦਾ ਵਕੀਲ ਬਣ ਕੇ ਸਫ਼ਾਈ ਦਿੱਤੀ ਹੈ ਪਰ ਉਹ ਇਹ ਵੀ ਦੱਸ ਦੇਣ ਕਿ ਉਨ੍ਹਾਂ ਨੇ ਬਾਦਲਾਂ ਦੀ ਸਫ਼ਾਈ ਬਤੌਰ ਐੱਸ. ਜੀ. ਪੀ. ਸੀ. ਪ੍ਰਧਾਨ ਵਜੋਂ ਦਿੱਤੀ ਹੈ ਜਾਂ ਫਿਰ ਬਾਦਲਾਂ ਦੀ ਪਾਰਟੀ ਦੀ ਕੋਰ ਕਮੇਟੀ ਦੇ ਮੈਂਬਰ ਹੋਣ ਦੇ ਨਾਤੇ। ਉਨ੍ਹਾਂ ਕਿਹਾ ਕਿ ਬਰਗਾੜੀ-ਬਹਿਬਲ ਕਲਾਂ ਮਾਮਲਿਆਂ ਦੀ ਜਾਂਚ ਦੀ ਪੈੜ ਬਾਦਲਾਂ ਦੇ ਬੂਹੇ ਤਕ ਚਲੀ ਗਈ ਹੈ। ਨਤੀਜੇ ਵਜੋਂ ਹੁਣ ਇਹ ਡਰ ਹੈ ਕਿ ਬਾਦਲ ਅਤੇ ਮਜੀਠੀਆ ਪਰਿਵਾਰ ਦੇਸ਼ ਛੱਡ ਕੇ ਹੀ ਨਾ ਭੱਜ ਜਾਣ। ਇਸ ਲਈ ਇਨ੍ਹਾਂ ਸਭ ਦੇ ਪਾਸਪੋਰਟ ਜ਼ਬਤ ਕੀਤੇ ਜਾਣ।