ਲਾਹੌਰ : ਪਾਕਿਸਤਾਨ ਦੀ ਸਰਕਾਰ ਨੇ ਕਰਤਾਰਪੁਰ ਸਾਹਿਬ ਗੁਰਦੁਆਰਾ ਕੰਪਲੈਕਸ ਵਿਚ 16 ਹਜ਼ਾਰ ਫੁੱਟ ਆਰਟੀਫਿਸ਼ੀਅਲ ਘਾਹ ਲਗਵਾਇਆ ਹੈ ਤਾਂਕਿ ਗਰਮੀ ਵਿਚ ਨੰਗੇ ਪੈਰ ਤੁਰਨ ਵਿਚ ਸ਼ਰਧਾਲੂਆਂ ਨੂੰ ਸੁਵਿਧਾ ਹੋ ਸਕੇ। ਉਕਤ ਜਾਣਕਾਰੀ ਸੋਮਵਾਰ ਨੂੰ ਇਕ ਚੋਟੀ ਦੇ ਅਧਿਕਾਰੀ ਨੇ ਦਿੱਤੀ। ਕੋਵਿਡ-19 ਮਹਾਮਾਰੀ ਦੇ ਕਾਰਣ 3 ਮਹੀਨੇ ਤੱਕ ਬੰਦ ਗੁਰੁਆਰਾ ਸਾਹਿਬ ਨੂੰ 29 ਜੂਨ ਨੂੰ ਖੋਲ੍ਹੇ ਜਾਣ ਤੋਂ ਬਾਅਦ ਤੋਂ ਪਾਕਿਸਤਾਨ ਦੇ ਸਿੱਖ ਸ਼ਰਧਾਲੂ ਇੱਥੇ ਆ ਰਹੇ ਹਨ। ਇਵੈਕਿਊ ਟਰੱਸਟ ਪ੍ਰਾਪਰਟੀ ਬੋਰਡ ਦੇ ਬੁਲਾਰੇ ਆਮਿਰ ਹਾਸ਼ਮੀ ਨੇ ਦੱਸਿਆ ਕਿ ਗੁਰਦੁਆਰਾ ਦਰਬਾਰ ਸਾਹਿਬ ਦੇ ਫਲੋਰ 'ਤੇ ਪਿਛਲੇ ਹਫਤੇ ਐਕਸਟ੍ਰਾ ਘਾਹ ਲਗਵਾਇਆ ਗਿਆ। ਉਨ੍ਹਾਂ ਨੇ ਕਿਹਾ ਕਿ ਗੁਰਦੁਆਰਾ ਕੰਪਲੈਕਸ ਵਿਚ 16 ਹਜ਼ਾਰ ਫੁੱਟ 'ਤੇ ਆਰਟੀਫਿਸ਼ੀਅਲ ਘਾਹ ਲਗਾਈ ਗਈ ਹੈ ਕਿਉਂਕਿ ਸ਼ਰਧਾਲੂਆਂ ਨੂੰ ਨੰਗੇ ਪੈਰ ਮਾਰਬਲ ਫਲੋਰ 'ਤੇ ਤੁਰਨਾ ਹੁੰਦਾ ਹੈ ਅਤੇ ਗਰਮੀ ਦੇ ਇਸ ਮੌਸਮ ਵਿਚ ਇਸ 'ਤੇ ਚੱਲਣਾ ਜਾਂ ਬੈਠਣਾ ਔਖਾ ਹੈ। ਕੋਰੋਨਾ ਵਾਇਰਸ ਨੂੰ ਵੇਖਦੇ ਹੋਏ ਭਾਰਤ ਨੇ 16 ਮਾਰਚ ਨੂੰ ਕਰਤਾਰਪੁਰ ਸਾਹਿਬ ਗੁਰਦੁਆਰਾ ਦੀ ਯਾਤਰਾ ਤੇ ਰਜਿਸਟ੍ਰੇਸ਼ਨ ਮੁਅੱਤਲ ਕਰ ਦਿੱਤੀ ਸੀ, ਜਿਸ ਦੇ ਬਾਅਦ ਅਜੇ ਉਥੇ ਭਾਰਤੀ ਸ਼ਰਧਾਲੂ ਨਹੀਂ ਆ ਰਹੇ ਹਨ। ਹਾਸ਼ਮੀ ਨੇ ਕਿਹਾ, ‘‘ਭਾਰਤ ਵੱਲੋਂ ਸਿੱਖ ਸ਼ਰਧਾਲੂਆਂ ਲਈ ਅਜੇ ਤੱਕ ਹਰੀ ਝੰਡੀ ਨਹੀਂ ਮਿਲ ਰਹੀ ਹੈ ਪਰ ਪਾਕਿਸਤਾਨ ਦੇ ਸਿੱਖ 29 ਜੂਨ ਤੋਂ ਹੀ ਇੱਥੇ ਆ ਰਹੇ ਹਨ।