ਨਵੀਂ ਦਿੱਲੀ : ਪਟਰੌਲ ਤੇ ਡੀਜ਼ਲ ਦੇ ਮੁੱਲ ਵਿਚ ਵਾਧੇ ਦੇ ਸਿਲਸਿਲਾ ਲਗਾਤਾਰ 22ਵੇਂ ਦਿਨ ਵੀ ਜਾਰੀ ਰਿਹਾ। ਡੀਜ਼ਲ ਦਾ ਮੁੱਲ ਸੋਮਵਾਰ ਨੂੰ 13 ਪੈਸੇ ਵੱਧ ਕੇ 80.53 ਰੁਪਏ ਪ੍ਰਤੀ ਲੀਟਰ ਦੀ ਨਵੀਂ ਉਚਾਈ 'ਤੇ ਪਹੁੰਚ ਗਿਆ।
ਪਿਛਲੇ 22 ਦਿਨਾਂ 'ਚ ਪਟਰੌਲ 9.17 ਅਤੇ ਡੀਜ਼ਲ 11.14 ਰੁਪਏ ਪ੍ਰਤੀ ਲੀਟਰ ਮਹਿੰਗਾ ਹੋਇਆ
ਪਿਛਲੇ ਤਿੰਨ ਹਫ਼ਤਿਆਂ ਵਿਚ ਡੀਜ਼ਲ ਦੇ ਮੁੱਲ ਵਿਚ ਕੁੱਲ ਮਿਲਾ ਕੇ 11.14 ਰੁਪਏ ਪ੍ਰਤੀ ਲੀਟਰ ਦਾ ਵਾਧਾ ਹੋ ਚੁੱਕਾ ਹੈ। ਜਨਤਕ ਖੇਤਰ ਦੀਆਂ ਤੇਲ ਕੰਪਨੀਆਂ ਦੀ ਮੁੱਲ ਸੂਚਨਾ ਮੁਤਾਬਕ ਸੋਮਵਾਰ ਨੂੰ ਪਟਰੌਲ ਦੇ ਮੁੱਲ ਵਿਚ ਪੰਜ ਪੈਸੇ ਪ੍ਰਤੀ ਲੀਟਰ ਅਤੇ ਡੀਜ਼ਲ ਦੇ ਮੁੱਲ ਵਿਚ 13 ਪੈਸੇ ਪ੍ਰਤੀ ਲੀਟਰ ਦਾ ਵਾਧਾ ਕੀਤਾ ਗਿਆ। ਇਸ ਵਾਧੇ ਤੋਂ ਬਾਅਦ ਦਿੱਲੀ ਵਿਚ ਪਟਰੌਲ ਦਾ ਮੁੱਲ 80.38 ਰੁਪਏ ਤੋਂ ਵੱਧ ਕੇ 80.43 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ ਦਾ ਮੁੱਲ 80.40 ਰੁਪਏ ਤੋਂ ਵੱਧ ਕੇ 80.53 ਰੁਪਏ ਪ੍ਰਤੀ ਲੀਟਰ 'ਤੇ ਪਹੁੰਚ ਗਿਆ। ਪਟਰੌਲ ਤੇ ਡੀਜ਼ਲ ਕੇ ਮੁੱਲ ਵਿਚ ਸੂਬਿਆਂ ਅਨੁਸਾਰ ਅੰਤਰ ਹੁੰਦਾ ਹੈ ਕਿਉਂਕਿ ਹਰ ਸੂਬੇ ਵਿਚ ਤੇਲ 'ਤੇ ਲੱਗਣ ਵਾਲੇ ਵਿਕਰੀ ਟੈਕਸ ਅਤੇ ਵੈਟ ਦੀ ਦਰ ਵੱਖ ਵੱਖ ਹੁੰਦੀ ਹੈ। ਇਸ ਮਹੀਨੇ ਦੀ 7 ਜੂਨ ਤੋਂ ਪਟਰੌਲ ਦਾ ਮੁੱਲ ਕੁੱਲ ਮਿਲਾਕੇ 9.17 ਅਤੇ ਡੀਜ਼ਲ ਦਾ ਮੁੱਲ 11.14 ਰੁਪਏ ਪ੍ਰਤੀ ਲੀਟਰ ਵਧਿਆ ਹੈ।