ਨਵੀਂ ਦਿੱਲੀ, 28 ਜੂਨ : ਛੇ ਮਹੀਨਿਆਂ ਤੋਂ ਤਬਾਹੀ ਮਚਾ ਰਹੇ ਕੋਰੋਨਾ ਵਾਇਰਸ ਨੇ ਦੁਨੀਆਂ ਦੇ ਇਕ ਕਰੋੜ ਲੋਕਾਂ ਨੂੰ ਅਪਣੇ ਲਪੇਟੇ ਵਿਚ ਲੈ ਲਿਆ ਹੈ। ਦੁਨੀਆਂ ਵਿਚ ਕੁੱਲ ਪੀੜਤਾਂ ਦੀ ਗਿਣਤੀ ਇਕ ਕਰੋੜ ਹੋ ਗਈ ਹੈ। ਲਗਭਗ ਹਰ ਦੇਸ਼ ਇਸ ਵਾਇਰਸ ਦਾ ਸ਼ਿਕਾਰ ਹੈ। ਵਰਲਡੋਮੀਟਰ ਵੈੱਬਸਾਈਟ ਦੀ ਰਿਪੋਰਟ ਮੁਤਾਬਕ ਹੁਣ ਤਕ ਪੂਰੇ ਵਿਸ਼ਵ ਵਿਚ ਕੋਰੋਨਾ ਦੇ 10, 000, 051 ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ਵਿਚੋਂ 498, 952 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 54, 14, 646 ਲੋਕ ਸਿਹਤਯਾਬ ਹੋ ਚੁੱਕੇ ਹਨ। ਇਸ ਤੋਂ ਇਲਾਵਾ ਪੂਰੀ ਦੁਨੀਆਂ ਵਿਚ ਹੁਣ ਤਕ 40, 86, 947 ਪ੍ਰਭਾਵਿਤਾਂ ਦਾ ਇਲਾਜ ਕੀਤਾ ਜਾ ਰਿਹਾ ਹੈ, ਜਿਨ੍ਹਾਂ ਵਿਚੋਂ 57, 706 ਕੋਰੋਨਾ ਪ੍ਰਭਾਵਿਤਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ 5 ਸੱਭ ਤੋਂ ਜ਼ਿਆਦਾ ਪ੍ਰਭਾਵਤ ਦੇਸ਼ਾਂ 'ਚ ਭਾਰਤ ਚੌਥੇ ਨੰਬਰ 'ਤੇ ਹੈ। ਸੱਭ ਤੋਂ ਪਹਿਲੇ ਨੰਬਰ 'ਤੇ ਅਮਰੀਕਾ (2, 576, 929), ਦੂਜੇ ਨੰਬਰ 'ਤੇ ਬ੍ਰਾਜ਼ੀਲ (1, 284, 214), ਤੀਜੇ ਨੰਬਰ 'ਤੇ (627, 646) ਚੌਥੇ 'ਤੇ ਭਾਰਤ (529, 274) ਅਤੇ ਪੰਜਵੇ ਨੰਬਰ ਬ੍ਰਿਟੇਨ (310, 250) ਸ਼ਾਮਲ ਹੈ। ਅਜੇ ਤਕ ਇਸ ਦੀ ਕੋਈ ਵੈਕਸੀਨ ਨਹੀਂ ਬਣੀ ਹੈ, ਇਸ ਤੋਂ ਇਲਾਵਾ ਕਈ ਦੇਸ਼ਾਂ ਵਿਚ ਇਸ ਦੀ ਖੋਜ ਨੂੰ ਲੈ ਕੇ ਕਈ ਪ੍ਰੀਖਣ ਕੀਤੇ ਜਾ ਰਹੇ ਹਨ। ਕੋਰੋਨਾ ਅਜਿਹਾ ਕਹਿਰ ਵਰਤਾ ਰਿਹਾ ਹੈ ਕਿ ਅਮਰੀਕਾ ਅਤੇ ਰੂਸ ਵਰਗੇ ਦੇਸ਼ ਵੀ ਇਸ ਅੱਗੇ ਬੇਵੱਸ ਹਨ। ਅਮਰੀਕੀ ਮਹਾਂਦੀਪ ਵਿਚ ਹਰ ਦਿਨ ਇਕ ਲੱਖ ਦੇ ਕਰੀਬ ਕੇਸ ਸਾਹਮਣੇ ਆਉਂਦੇ ਹਨ। ਦੁਨੀਆਂ ਵਿਚ ਹਰ ਦਿਨ ਤਕਰੀਬਨ 1.80 ਲੱਖ ਮਾਮਲੇ ਆ ਰਹੇ ਹਨ। ਕੋਵਿਡ -19 ਦਾ ਪਹਿਲਾ ਮਾਮਲਾ ਪਿਛਲੇ ਸਾਲ ਚੀਨ ਵਿਚ ਆਇਆ ਸੀ। ਭਾਰਤ ਵਿਚ ਵਾਇਰਸ ਇਸ ਸਾਲ 30 ਜਨਵਰੀ ਨੂੰ ਆਇਆ ਸੀ। ਭਾਰਤ ਵਿਚ ਇਸ ਵੇਲੇ ਸਾਢੇ ਪੰਜ ਲੱਖ ਦੇ ਕਰੀਬ ਕੇਸ ਸਾਹਮਣੇ ਆ ਚੁੱਕੇ ਹਨ। ਵਰਲਡਮੀਟਰ ਅਨੁਸਾਰ ਸਨਿਚਰਵਾਰ ਸਵੇਰੇ ਵਿਸ਼ਵ ਵਿਚ ਕੋਰੋਨਾ ਦੇ ਕੁੱਲ 98.98 ਲੱਖ ਮਾਮਲੇ ਸਾਹਮਣੇ ਆਏ ਸਨ। ਰਾਤ 11.38 ਵਜੇ ਤਕ, ਦੁਨੀਆਂ ਵਿਚ 1.02 ਲੱਖ ਨਵੇਂ ਕੇਸ ਆਏ। ਇਸ ਨਾਲ ਕੁਲ ਕੇਸਾਂ ਦਾ ਅੰਕੜਾ ਇਕ ਕਰੋੜ ਨੂੰ ਪਾਰ ਕਰ ਗਿਆ ਹੈ।