ਨਵੀਂ ਦਿੱਲੀ : ਦੇਸ਼ ਵਿਚ ਕੋਰੋਨਾ ਵਾਇਰਸ ਲਾਗ ਦੇ ਇਕ ਦਿਨ ਵਿਚ ਸੱਭ ਤੋਂ ਵੱਧ 15413 ਨਵੇਂ ਮਾਮਲੇ ਸਾਹਮਣੇ ਆਏ ਹਨ ਜਦਕਿ ਕੁਲ ਮਰੀਜ਼ਾਂ ਦੀ ਗਿਣਤੀ ਵੱਧ ਕੇ 4, 10, 461 ਹੋ ਗਏ ਹਨ ਤੇ 306 ਹੋਰ ਲੋਕਾਂ ਦੀ ਮੌਤ ਹੋ ਗਈ। ਦੇਸ਼ ਵਿਚ ਕੁਲ ਮ੍ਰਿਤਕਾਂ ਦੀ ਗਿਣਤੀ 13, 254 'ਤੇ ਪਹੁੰਚ ਗਈ ਹੈ। ਭਾਰਤ ਵਿਚ 64 ਦਿਨਾਂ ਵਿਚ ਲਾਗ ਦੇ ਮਾਮਲੇ ਇਕ ਲੱਖ ਨੂੰ ਪਾਰ ਕਰ ਗਏ ਸਨ। ਅਗਲੇ ਪੰਦਰਵਾੜੇ ਵਿਚ ਵਿਚ ਪੀੜਤਾਂ ਦੀ ਗਿਣਤੀ ਦੋ ਲੱਖ 'ਤੇ ਪਹੁੰਚ ਗਈ ਸੀ ਅਤੇ ਉਸ ਦੇ ਅਗਲੇ ਦਸ ਦਿਨਾਂ ਵਿਚ ਮਾਮਲੇ ਤਿੰਨ ਲੱਖ ਨੂੰ ਪਾਰ ਕਰ ਗਏ। ਐਤਵਾਰ ਸਵੇਰੇ ਅੱਠ ਵਜੇ ਤਕ ਦੇ ਤਾਜ਼ਾ ਅੰਕੜਿਆਂ ਮੁਤਾਬਕ ਦੇਸ਼ ਵਿਚ 2, 27755 ਮਰੀਜ਼ ਹੁਣ ਤਕ ਸਿਹਤਯਾਬ ਹੋ ਚੁਕੇ ਹਨ ਜਦਕਿ 1, 69451 ਲੋਕਾਂ ਦਾ ਇਲਾਜ ਚੱਲ ਰਿਹਾ ਹੈ। ਇਕ ਮਰੀਜ਼ ਵਿਦੇਸ਼ ਚਲਾ ਗਿਆ ਹੈ। ਅਧਿਕਾਰੀਆਂ ਨੇ ਕਿਹਾ ਕਿ ਲਗਭਗ 55.48 ਫ਼ੀ ਸਦੀ ਮਰੀਜ਼ ਹੁਣ ਤਕ ਠੀਕ ਹੋ ਚੁਕੇ ਹਨ।
ਲਾਗ ਦੇ ਕੁਲ ਮਾਮਲਿਆਂ ਵਿਚ ਵਿਦੇਸ਼ੀ ਨਾਗਰਿਕ ਵੀ ਸ਼ਾਮਲ ਹਨ। ਭਾਰਤ ਵਿਚ ਲਗਾਤਾਰ 10 ਦਿਨਾਂ ਵਿਚ ਲਾਗ ਦੇ ਰੋਜ਼ਾਨਾ 10 ਹਜ਼ਾਰ ਤੋਂ ਵੱਧ ਮਾਮਲੇ ਸਾਹਮਣੇ ਆ ਰਹੇ ਹਨ। ਦੇਸ਼ ਵਿਚ ਇਕ ਜੂਨ ਤੋਂ 21 ਜੂਨ ਤਕ ਲਾਗ ਦੇ 219926 ਮਾਮਲੇ ਵਧੇ ਹਨ। ਲਾਗ ਦੇ ਮਾਮਲੇ ਜਿਹੜੇ ਪੰਜ ਰਾਜਾਂ ਵਿਚ ਸੱਭ ਤੋਂ ਤੇਜ਼ੀ ਨਾਲ ਵਧੇ ਹਨ, ਉਨ੍ਹਾ ਵਿਚ ਮਹਾਰਾਸ਼ਟਰ, ਤਾਮਿਲਨਾਡੂ, ਦਿੱਲੀ, ਗੁਜਰਾਤ ਅਤੇ ਯੂਪੀ ਸ਼ਾਮਲ ਹਨ। ਕੋਵਿਡ-19 ਕਾਰਨ ਐਤਵਾਰ ਸਵੇਰ ਤਕ 306 ਅਤੇ ਲੋਕਾਂ ਦੀ ਮੌਤ ਹੋਈ ਹੈ ਜਿਨ੍ਹਾਂ ਵਿਚੋਂ 91 ਦੀ ਮੌਤ ਮਹਾਰਾਸ਼ਟਰ ਵਿਚ, 77 ਦੀ ਦਿੱਲੀ ਵਿਚ, 38 ਦੀ ਤਾਮਿਲਨਾਡੂ ਵਿਚ, 20 ਦੀ ਗੁਜਰਾਤ ਵਿਚ, 19 ਦੀ ਯੂਪੀ ਵਿਚ, 11 ਦੀ ਪਛਮੀ ਬੰਗਾਲ ਵਿਚ, ਕਰਨਾਟਕ ਵਿਚ ਅੱਠ, ਮੱਧ ਪ੍ਰਦੇਸ਼, ਜੰਮੂ ਕਸ਼ਮੀਰ ਅਤੇ ਪੰਜਾਬ ਵਿਚ ਛੇ, ਤੇਲੰਗਾਨਾ, ਆਂਧਰਾ ਪ੍ਰਦੇਸ਼ ਅਤੇ ਹਰਿਆਣਾ ਵਿਚ ਪੰਜ, ਰਾਜਸਥਾਨ ਵਿਚ ਚਾਰ, ਬਿਹਾਰ ਵਿਚ ਦੋ ਅਤੇ ਉਤਰਾਖੰਡ, ਛੱਤੀਸਗੜ੍ਹ ਅਤੇ ਉੜੀਸਾ ਵਿਚ ਇਕ ਇਕ ਵਿਅਕਤੀ ਦੀ ਮੌਤ ਹੋ ਗਈ। ਅਮਰੀਕਾ, ਬ੍ਰਾਜ਼ੀਲ ਅਤੇ ਰੂਸ ਮਗਰੋਂ ਭਾਰਤ ਕੋਵਿਡ-19 ਨਾਲ ਸੱਭ ਤੋਂ ਪ੍ਰਭਾਵਤ ਚੌਥਾ ਮੁਲਕ ਹੈ। ਇਸ ਮਾਰੂ ਬੀਮਾਰੀ ਨੇ ਹੁਣ ਤਕ ਦੇਸ਼ ਵਿਚ 13254 ਲੋਕਾਂ ਦੀ ਜਾਨ ਲਈ ਹੈ ਜਿਨ੍ਹਾਂ ਵਿਚ ਸੱਭ ਤੋਂ ਵੱਧ 5984 ਲੋਕਾਂ ਦੀ ਮੌਤ ਮਹਾਰਾਸ਼ਟਰ ਵਿਚ, 2112 ਲੋਕਾਂ ਦੀ ਮੌਤ ਦਿੱਲੀ ਵਿਚ, 1638 ਦੀ ਮੌਤ ਗੁਜਰਾਤ ਵਿਚ, 704 ਦੀ ਮੌਤ ਤਾਮਿਲਨਾਡੂ ਵਿਚ, 540 ਦੀ ਪਛਮੀ ਬੰਗਾਲ ਵਿਚ, 501 ਪੀੜਤਾਂ ਦੀ ਮੌਤ ਮੱਧ ਪ੍ਰਦੇਸ਼ ਵਿਚ, 507 ਮਰੀਜ਼ਾਂ ਦੀ ਮੌਤ ਯੂਪੀ ਵਿਚ, 337 ਦੀ ਮੌਤ ਰਾਜਸਥਾਨ ਵਿਚ ਅਤੇ 203 ਪੀੜਤਾਂ ਦੀ ਮੌਤ ਤੇਲੰਗਾਨਾ ਵਿਚ ਹੋਈ। ਸਿਹਤ ਮੰਤਰਾਲੇ ਮੁਤਾਬਕ ਲਾਗ ਕਾਰਨ ਮੌਤ ਦੇ 70 ਫ਼ੀ ਸਦੀ ਤੋਂ ਵੱਧ ਮਾਮਲਿਆਂ ਵਿਚ ਮਰੀਜ਼ ਹੋਰ ਬੀਮਾਰੀਆਂ ਤੋਂ ਵੀ ਪੀੜਤ ਸਨ।