Saturday, November 23, 2024
 

ਚੰਡੀਗੜ੍ਹ / ਮੋਹਾਲੀ

ਤਾਲਾਬੰਦੀ ਹੋਣ ਤੋਂ ਲੈ ਕੇ 1.29 ਲੱਖ ਨਵੇਂ ਮਰੀਜ਼ ਨਸ਼ਾ ਛੱਡਣ ਦੇ ਇਲਾਜ ਲਈ ਅੱਗੇ ਆਏ : ਬਲਬੀਰ ਸਿੰਘ ਸਿੱਧੂ

June 19, 2020 10:03 PM

ਚੰਡੀਗੜ੍ਹ : ਨਸ਼ਾ ਛੁਡਾਊ ਪ੍ਰੋਗਰਾਮ ਦੇ ਸੈਂਟਰਲ ਆਨਲਾਈਨ ਪੋਰਟਲ ਸਿਸਟਮ 'ਤੇ 5.44 ਲੱਖ ਤੋਂ ਵੱਧ ਮਰੀਜ਼ ਰਜਿਸਟਰਡ ਹੋਏ ਹਨ। ਤਾਲਾਬੰਦੀ/ਕਰਫ਼ਿਊ ਦੀ ਮਿਆਦ ਦੌਰਾਨ ਨਸ਼ਾ ਛੱਡਣ ਲਈ ਇਲਾਜ ਵਾਸਤੇ ਅੱਗੇ ਆਉਣ ਵਾਲੇ ਮਰੀਜ਼ਾਂ ਦੀ ਗਿਣਤੀ ਵਿਚ ਕਾਫ਼ੀ ਵਾਧਾ ਹੋਇਆ ਹੈ। 23 ਮਾਰਚ, 2020 ਤੋਂ ਸੂਬੇ ਭਰ ਵਿਚ ਤਕਰੀਬਨ 1.29 ਲੱਖ ਨਵੇਂ ਮਰੀਜ਼ ਇਲਾਜ ਲਈ ਅੱਗੇ ਆਏ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਹਤ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਨੋਵਲ ਕੋਰੋਨਾ ਵਾਇਰਸ (ਕੋਵਿਡ-19) ਦੇ ਚੁਣੌਤੀ ਭਰੇ ਸਮੇਂ ਦੌਰਾਨ ਨਸ਼ਾ ਪੀੜਤਾਂ ਲਈ ਵੱਡੀ ਰਾਹਤ ਵਜੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਦੀ ਅਗਵਾਈ ਵਾਲੀ ਸਰਕਾਰ ਓਟ ਕਲੀਨਿਕਾਂ ਅਤੇ ਨਸ਼ਾ ਛੁਡਾਊ ਕੇਂਦਰਾਂ ਰਾਹੀਂ ਮਰੀਜ਼ਾਂ ਨੂੰ ਨਸ਼ਾ ਛੱਡਣ ਸਬੰਧੀ ਇਲਾਜ ਸੇਵਾਵਾਂ ਪ੍ਰਦਾਨ ਕਰ ਰਹੀ ਹੈ।

ਨਸ਼ਾ ਛੁਡਾਊ ਪ੍ਰੋਗਰਾਮ ਦੇ ਸੈਂਟਰਲ ਆਨਲਾਈਨ ਪੋਰਟਲ ਸਿਸਟਮ 'ਤੇ 5.44 ਲੱਖ ਮਰੀਜ਼ ਰਜਿਸਟਰ ਹੋਏ

ਉਨ੍ਹਾਂ ਕਿਹਾ ਕਿ ਤਾਲਾਬੰਦੀ ਅਤੇ ਕਰਫ਼ਿਊ ਦੌਰਾਨ ਸਰਕਾਰ ਨੇ ਵਿਸ਼ੇਸ਼ ਪਹਿਲਕਦਮੀਆਂ ਕੀਤੀਆਂ ਹਨ ਜਿਸ ਤਹਿਤ ਇਲਾਜ ਅਤੇ ਦੇਖਭਾਲ ਸੇਵਾਵਾਂ ਮੁਹੱਈਆ ਕਰਵਾਉਣ ਹਿੱਤ ਮਰੀਜ਼ਾ ਨੂੰ ਇਕ ਹਫਤੇ ਤੋਂ ਤਿੰਨ ਹਫ਼ਤੇ ਤਕ ਦੀ ਦਵਾਈ ਦਿਤੀ ਗਈ ਸੀ ਤਾਂ ਜੋ ਲਾਕਡਾਊਨ ਕਾਰਨ ਮਰੀਜ਼ ਨੂੰ ਇਲਾਜ ਸਬੰਧੀ ਕੋਈ ਮੁਸ਼ਕਲ ਦਰਪੇਸ਼ ਨਾ ਆਵੇ। ਪਰ ਲਾਕਡਾਊਨ ਵਿਚ ਦਿਤੀ ਗਈ ਢਿੱਲ ਦੇ ਬਾਅਦ ਮਰੀਜ਼ਾਂ ਨੂੰ ਕਾਊਂਸਲਿੰਗ ਸਮੇਤ ਵੱਧ ਤੋਂ ਵੱਧ 7 ਦਿਨਾਂ ਦੀ ਦਵਾਈ ਦਿਤੀ ਜਾ ਰਹੀ ਹੈ ਤਾਂ ਜੋ ਉਨ੍ਹਾਂ ਵਿਚ ਆਤਮ ਵਿਸ਼ਵਾਸ ਪੈਦਾ ਕੀਤਾ ਜਾ ਸਕੇ ਅਤੇ ਉਨ੍ਹਾਂ ਦੀ ਨਸ਼ਿਆਂ ਦੀ ਆਦਤ ਛੁੱਟ ਜਾਵੇ। ਇਹ ਕਦਮ ਇਸ ਲਈ ਉਠਾਏ ਗਏ ਹਨ ਤਾਂ ਜੋ ਮਰੀਜ਼ਾਂ ਨੂੰ ਵਾਰ-ਵਾਰ ਕੇਂਦਰਾਂ 'ਤੇ ਨਾ ਜਾਣਾ ਪਵੇ ਅਤੇ ਕੋਵਿਡ-19 ਦੇ ਫੈਲਾਅ ਨੂੰ ਰੋਕਿਆ ਜਾ ਸਕੇ।  ਸ. ਸਿੱਧੂ ਨੇ ਦਸਿਆ ਕਿ ਇਨ੍ਹਾਂ ਕੇਂਦਰਾਂ ਵਿਖੇ ਮਰੀਜ਼ਾਂ ਨੂੰ ਕੋਰੋਨਾ ਵਾਇਰਸ ਅਤੇ ਇਸ ਦੇ ਰੋਕਥਾਮ ਉਪਾਵਾਂ ਬਾਰੇ ਚੰਗੀ ਤਰ੍ਹਾਂ ਜਾਗਰੂਕ ਕੀਤਾ ਜਾਂਦਾ ਹੈ। ਸਮਾਜਕ ਦੂਰੀ ਬਣਾ ਕੇ ਰੱਖੀ ਜਾਂਦੀ ਹੈ ਅਤੇ ਮਰੀਜ਼ਾਂ ਨੂੰ ਦਸਿਆ ਜਾਂਦਾ ਹੈ ਕਿ ਤੇਜ਼ ਬੁਖਾਰ, ਖੁਸ਼ਕ ਖੰਘ ਅਤੇ ਸਾਹ ਲੈਣ ਵਿਚ ਮੁਸ਼ਕਲ ਹੋਣ ਦੀ ਸਥਿਤੀ ਵਿਚ ਉਹ ਲਾਜ਼ਮੀ ਤੌਰ 'ਤੇ ਸਿਹਤ ਸੰਸਥਾਵਾਂ ਨੂੰ ਸੂਚਿਤ ਕਰਨ। ਅਜਿਹੇ ਮਰੀਜ਼ਾਂ ਦੀ ਸਬੰਧਤ ਨਸ਼ਾ ਛੁਡਾ  ਕੇਂਦਰਾਂ ਅਤੇ ਓਓਏਟੀ ਕਲੀਨਿਕਾਂ ਵਿਚ ਆਉਣ ਦੀ ਸਹੂਲਤ ਵਾਸਤੇ ਜ਼ਿਲ੍ਹਾ ਅਧਿਕਾਰੀਆਂ ਨਾਲ ਸੰਪਰਕ ਬਣਾ ਕੇ ਰੱਖਿਆ ਜਾ ਰਿਹਾ ਹੈ। ਆਈਸੋਲੇਸ਼ਨ ਵਾਰਡ ਵਿਚਲੇ ਮਰੀਜ਼ਾਂ ਅਤੇ ਇਕਾਂਤਵਾਸ ਕੀਤੇ ਵਿਅਕਤੀਆਂ ਦੀ ਕਾਊਂਸਲਿੰਗ ਕੀਤੀ ਜਾ ਰਹੀ ਹੈ।

 

Have something to say? Post your comment

Subscribe