ਵੈਲਿੰਗਟਨ : ਨਿਊਜ਼ੀਲੈਂਡ ਦੀ ਪੁਲਿਸ 'ਤੇ ਜਾਨਲੇਵਾ ਹਮਲਾ ਹੋਣ ਦੀ ਖਬਰ ਹੈ। ਪੁਲਸ ਦਾ ਕਹਿਣਾ ਹੈ ਕਿ ਆਕਲੈਂਡ ਵਿਚ ਦੋ ਅਫਸਰਾਂ ਨੂੰ ਗੋਲੀ ਮਾਰ ਕੇ ਗੰਭੀਰ ਰੂਪ ਵਿਚ ਜ਼ਖਮੀ ਕਰ ਦਿੱਤਾ ਗਿਆ ਅਤੇ ਇਸ ਵਾਰਦਾਤ ਵਿਚ ਸ਼ਾਮਲ ਸ਼ੱਕੀ ਵਿਅਕਤੀ ਫਿਲਹਾਲ ਫਰਾਰ ਹੈ। ਪੁਲਿਸ ਨੇ ਕਿਹਾ ਕਿ ਉਹ ਸ਼ੁੱਕਰਵਾਰ ਸਵੇਰੇ ਇੱਕ ਨਿਯਮਿਤ ਟ੍ਰੈਫਿਕ ਚੈਕਿੰਗ ਕਰ ਰਹੇ ਸਨ, ਜਦੋਂ ਇੱਕ ਵਿਅਕਤੀ ਨੇ ਭੱਜਣ ਤੋਂ ਪਹਿਲਾਂ ਉਨ੍ਹਾਂ 'ਤੇ ਫਾਇਰਿੰਗ ਸ਼ੁਰੂ ਕਰ ਦਿੱਤੀ।
ਉਨ੍ਹਾਂ ਨੇ ਕਿਹਾ ਕਿ ਗੱਡੀ ਵਿਚ ਸਵਾਰ ਸ਼ੱਕੀ ਵਿਅਕਤੀ ਨੇ ਇਕ ਹੋਰ ਪੈਦਲ ਯਾਤਰੀ ਨੂੰ ਟੱਕਰ ਮਾਰ ਗਈ, ਜੋ ਜ਼ਖਮੀ ਹੋ ਗਿਆ। ਘਟਨਾ ਦੇ ਬਾਅਦ ਇਲਾਕੇ ਦੇ ਸਕੂਲਾਂ ਦੀ ਤਾਲਾਬੰਦੀ ਕਰ ਦਿੱਤੀ ਗਈ ਹੈ ਅਤੇ ਪੁਲਿਸ ਨੇ ਸੜਕ 'ਤੇ ਘੇਰਾਬੰਦੀ ਕਰ ਦਿੱਤੀ ਹੈ। ਉਨ੍ਹਾਂ ਨੇ ਲੋਕਾਂ ਨੂੰ ਇਸ ਖੇਤਰ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਹੈ। ਗਵਾਹ ਈਲੇਨ ਟੇਨੀਲਾ ਨੇ ਨਿਊਂਜ਼ੀਲੈਂਡ ਹੇਰਾਲਡ ਨੂੰ ਦੱਸਿਆ ਜਦੋਂ ਉਹ ਗੋਲੀਬਾਰੀ ਦੀਆਂ ਆਵਾਜ਼ਾਂ ਸੁਣ ਰਹੀ ਸੀ ਤਾਂ ਉਹ ਘਰ ਵਿੱਚ ਸੀ। ਉਸ ਨੇ ਕਿਹਾ ਕਿ ਉਸ ਸਮੇਂ ਇੱਕ ਦੋਸਤ ਜੋ ਉਸ ਦੇ ਘਰ ਆ ਰਿਹਾ ਸੀ, ਉਸ ਨੇ ਇੱਕ ਅਧਿਕਾਰੀ ਨੂੰ ਜ਼ਖਮੀ ਹੋਣ ਦੇ ਬਾਅਦ ਜ਼ਮੀਨ ਉੱਤੇ ਤੜਫਦੇ ਵੇਖਦਿਆ।
ਦੱਸ ਦਈਏ ਕਿ ਆਕਲੈਂਡ ਨਿਊਂਜ਼ੀਲੈਂਡ ਦਾ ਸਭ ਤੋਂ ਵੱਡਾ ਸ਼ਹਿਰ ਹੈ, ਜਿਸ ਦੀ ਆਬਾਦੀ ਲੱਗਭਗ 1.7 ਮਿਲੀਅਨ ਹੈ।ਗੌਰਤਲਬ ਹੈ ਕਿ ਨਿਊਂਜ਼ੀਲੈਂਡ ਨੇ ਪਿਛਲੇ ਸਾਲ ਇਕ ਵੱਡੇ ਪੱਧਰ 'ਤੇ ਕੀਤੀ ਗਈ ਸਮੂਹਿਕ ਗੋਲੀਬਾਰੀ ਤੋਂ ਬਾਅਦ ਜਾਨਲੇਵਾ ਕਿਸਮ ਦੇ ਸੈਮੀਆਟੋਮੈਟਿਕ ਹਥਿਆਰਾਂ' ਤੇ ਪਾਬੰਦੀ ਲਗਾਉਣ ਲਈ ਨਵਾਂ ਬੰਦੂਕ ਕੰਟਰੋਲ ਕਾਨੂੰਨ ਬਣਾਇਆ ਸੀ, ਜਿਸ ਵਿਚ ਇਕ ਬੰਦੂਕਧਾਰੀ ਨੇ ਸ਼ੁੱਕਰਵਾਰ ਦੀ ਨਮਾਜ਼ ਦੌਰਾਨ ਕ੍ਰਾਈਸਟਚਰਚ ਦੀਆਂ ਦੋ ਮਸਜਿਦਾਂ ਵਿਚ 51 ਲੋਕਾਂ ਦੀ ਹੱਤਿਆ ਕਰ ਦਿੱਤੀ ਸੀ।