ਨਵੀਂ ਦਿੱਲੀ : ਦੇਸ਼ ਅੰਦਰ ਸਿਰਫ਼ 10 ਦਿਨਾਂ ਅੰਦਰ ਕੋਰੋਨਾ ਵਾਇਰਸ ਦੇ ਮਾਮਲੇ ਦੋ ਲੱਖ ਤੋਂ ਵੱਧ ਕੇ ਤਿੰਨ ਲੱਖ ਤੋਂ ਪਾਰ ਹੋ ਗਏ ਹਨ। ਇਕ ਦਿਨ 'ਚ ਸੱਭ ਤੋਂ ਜ਼ਿਆਦਾ 11, 458 ਮਾਮਲੇ ਸਾਹਮਣੇ ਆਉਣ ਨਾਲ ਸਨਿਚਰਵਾਰ ਨੂੰ ਲਾਗ ਦੇ ਕੁਲ ਮਾਮਲੇ ਵੱਧ ਕੇ 3, 08, 993 ਹੋ ਗਏ ਹਨ। ਜਦਕਿ ਲਾਗ ਨਾਲ 386 ਲੋਕਾਂ ਦੀ ਮੌਤ ਹੋਣ ਨਾਲ ਮ੍ਰਿਤਕਾਂ ਦੀ ਗਿਣਤੀ ਵੱਧ ਕੇ 8884 ਹੋ ਗਈ ਹੈ।
ਕੋਰੋਨਾ ਵਾਇਰਸ ਲਾਗ ਨਾਲ ਸਬੰਧਤ ਅੰਕੜਿਆਂ ਦੀ ਵੈੱਬਸਾਈਟ ਵਰਲਡੋਮੀਟਰ ਅਨੁਸਾਰ ਭਾਰਤ ਨੂੰ ਲਾਗ ਦੇ ਇਕ ਲੱਖ ਮਾਮਲਿਆਂ ਤਕ ਪੁੱਜਣ 'ਚ 64 ਦਿਨ ਲੱਖ। ਅਗਲੇ 15 ਦਿਨਾਂ 'ਚ ਮਾਮਲੇ ਵੱਧ ਕੇ ਦੋ ਲੱਖ ਹੋ ਗਏ ਅਤੇ ਹੁਣ ਦੇਸ਼ 'ਚ ਲਾਗ ਦੇ 3, 08, 993 ਮਾਮਲਿਆਂ ਨਾਲ ਭਾਰਤ ਲਾਗ ਨਾਲ ਸੱਭ ਤੋਂ ਜ਼ਿਆਦਾ ਪ੍ਰਭਾਵਤ ਚੌਥਾ ਦੇਸ਼ ਹੋ ਗਿਆ ਹੈ।
ਸਿਹਤ ਮੰਤਰਾਲੇ ਨੇ ਸ਼ੁਕਰਵਾਰ ਨੂੰ ਕਿਹਾ ਕਿ ਮਾਮਲੇ ਦੁੱਗਣੇ ਹੋਣ ਦੀ ਦਰ 15.4 ਦਿਨਾਂ ਤੋਂ ਵੱਧ ਕੇ 17.4 ਦਿਨ ਹੋ ਗਈ ਹੈ। ਮੰਤਰਾਲੇ ਨੇ ਸਵੇਰੇ ਅੱਠ ਵਜੇ ਨਵੇਂ ਅੰਕੜਿਆਂ ਅਨੁਸਾਰ ਦੇਸ਼ 'ਚ ਇਲਾਜ ਕਰਵਾ ਰਹੇ ਲੋਕਾਂ ਦੀ ਗਿਣਤੀ 1, 45, 779 ਹੈ, ਜਦਕਿ 1, 54, 329 ਲੋਕ ਇਲਾਜ ਤੋਂ ਬਾਅਦ ਠੀਕ ਹੋ ਗਏ ਹਨ ਅਤੇ ਇਕ ਮਰੀਜ਼ ਦੇਸ਼ ਤੋਂ ਬਾਹਰ ਚਲਾ ਗਿਆ ਹੈ। ਅਧਿਕਾਰੀ ਨੇ ਕਿਹਾ ਕਿ ਇਸ ਤਰ੍ਹਾਂ ਦੇਸ਼ ਅੰਦਰ ਹੁਣ ਤਕ 49.9 ਫ਼ੀ ਸਦੀ ਮਰੀਜ਼ ਠੀਕ ਹੋ ਚੁੱਕੇ ਹਨ। ਕੋਰੋਨਾ ਵਾਇਰਸ ਨੇ ਬੀਤੇ ਦਿਨ ਹੋਈਆਂ 386 ਮੌਤਾਂ ਦੇ ਮਾਮਲਿਆਂ 'ਚੋਂ ਦਿੱਲੀ 'ਚ ਸੱਭ ਤੋਂ ਜ਼ਿਆਦਾ 129 ਅਤੇ ਮਹਾਰਾਸ਼ਟਰ 'ਚ 127 ਲੋਕਾਂ ਦੀ ਮੌਤ ਹੋਈ। ਦਿੱਲੀ 'ਚ ਲਾਗ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ ਅਤੇ ਪਹਿਲੀ ਵਾਰੀ ਸ਼ੁਕਰਵਾਰ ਨੂੰ ਦੋ ਹਜ਼ਾਰ ਤੋਂ ਜ਼ਿਆਦਾ ਮਾਮਲੇ ਸਾਹਮਣੇ ਆਏ ਹਨ।
ਲਾਗ ਨਾਲ ਗੁਜਰਾਤ 'ਚ 30, ਉੱਤਰ ਪ੍ਰਦੇਸ਼ 'ਚ 20, ਤਾਮਿਲਨਾਡੂ 'ਚ 18, ਪਛਮੀ ਬੰਗਾਲ, ਤੇਲੰਗਾਨਾ ਅਤੇ ਮੱਧ ਪ੍ਰਦੇਸ਼ 'ਚ 9-9, ਕਰਨਾਟਕ ਅਤੇ ਰਾਜਸਥਾਨ 'ਚ ਸੱਤ-ਸੱਤ, ਹਰਿਆਣਾ ਅਤੇ ਉੱਤਰਾਖੰਡ 'ਚ ਛੇ-ਛੇ, ਪੰਜਾਬ 'ਚ ਚਾਰ, ਆਸਾਮ 'ਚ ਦੋ-ਦੋ, ਕੇਰਲ, ਜੰਮੂ-ਕਸ਼ਮੀਰ ਅਤੇ ਉੜੀਸਾ 'ਚ ਇਕ-ਇਕ ਵਿਅਕਤੀ ਦੀ ਮੌਤ ਹੋਈ ਹੈ। ਕੋਰੋਨਾ ਵਾਇਰਸ ਦੇ ਸੱਭ ਤੋਂ ਜ਼ਿਆਦਾ 1, 01, 141 ਮਾਮਲੇ ਮਹਾਰਾਸ਼ਟਰ 'ਚ ਹਨ। ਤਾਮਿਲਨਾਡੂ 'ਚ ਕੋਰੋਨਾ ਵਾਇਰਸ ਦੇ 40, 698, ਦਿੱਲੀ 'ਚ 36, 824, ਗੁਜਰਾਤ 'ਚ 22, 527, ਉੱਤਰ ਪ੍ਰਦੇਸ਼ 'ਚ 12, 616, ਰਾਜਸਥਾਨ 'ਚ 12, 068 ਅਤੇ ਮੱਧ ਪ੍ਰਦੇਸ਼ 'ਚ 10, 443 ਮਾਮਲੇ ਸਾਹਮਣੇ ਆਏ ਹਨ। ਦੇਸ਼ 'ਚ ਹੁਣ ਤਕ ਕੁਲ 8884 ਪੀੜਤਾਂ ਦੀ ਮੌਤ ਹੋਈ ਹੈ ਜਿਨ੍ਹਾਂ 'ਚੋਂ ਸੱਭ ਤੋਂ ਜ਼ਿਆਦਾ 3717 ਲੋਕਾਂ ਦੀ ਮੌਤ ਮਹਾਰਾਸ਼ਟਰ 'ਚ, 1415 ਲੋਕਾਂ ਦੀ ਮੌਤ ਗੁਜਰਾਤ 'ਚ 1214 ਲੋਕਾਂ ਦੀ ਮੌਤ ਦਿੱਲੀ 'ਚ, 451 ਲੋਕਾਂ ਦੀ ਮੌਤ ਪਛਮੀ ਬੰਗਾਲ 'ਚ, 440 ਲੋਕਾਂ ਦੀ ਮੌਤ ਮੱਧ ਪ੍ਰਦੇਸ਼ 'ਚ, 367 ਲੋਕਾਂ ਦੀ ਮੌਤ ਤਾਮਿਲਨਾਡੂ 'ਚ, 365 ਲੋਕਾਂ ਦੀ ਮੌਤ ਉੱਤਰ ਪ੍ਰਦੇਸ਼ 'ਚ, 272 ਲੋਕਾਂ ਦੀ ਮੌਤ ਰਾਜਸਥਾਨ 'ਚ ਅਤੇ 174 ਲੋਕਾਂ ਦੀ ਮੌਤ ਤੇਲੰਗਾਨਾ 'ਚ ਹੋਈ।