ਸ੍ਰੀਨਗਰ : ਜੰਮੂ ਕਸ਼ਮੀਰ ਦੇ ਸ਼ੋਪੀਆਂ ਜ਼ਿਲ੍ਹੇ ਵਿਚ ਐਤਵਾਰ ਨੂੰ ਸੁਰੱਖਿਆ ਬਲਾਂ ਨਾਲ ਮੁਕਾਬਲੇ ਵਿਚ ਪੰਜ ਅਤਿਵਾਦੀ ਮਾਰੇ ਗਏ। ਰਖਿਆ ਬੁਲਾਰੇ ਕਰਨਲ ਰਾਜੇਸ਼ ਕਾਲੀਆ ਨੇ ਦਸਿਆ, 'ਸ਼ੋਪੀਆਂ ਦੇ ਰੇਬਾਨ ਵਿਚ ਚੱਲੀ ਮੁਹਿੰਮ ਵਿਚ ਪੰਜ ਅਤਿਵਾਦੀ ਮਾਰੇ ਗਏ।' ਉਨ੍ਹਾਂ ਦਸਿਆ ਕਿ ਮੁਹਿੰਮ ਦੌਰਾਨ ਇਹ ਯਕੀਨੀ ਕੀਤਾ ਗਿਆ ਕਿ ਸੁਰੱਖਿਆ ਬਲਾਂ ਅਤੇ ਆਮ ਨਾਗਰਿਕਾਂ ਨੂੰ ਕੋਈ ਨੁਕਸਾਨ ਨਾ ਪੁੱਜੇ।ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਸੁਰੱਖਿਆ ਬਲਾਂ ਨੇ ਦਖਣੀ ਕਸ਼ਮੀਰ ਦੇ ਸ਼ੋਪੀਆਂ ਦੇ ਰੇਵਾਨ ਇਲਾਕੇ ਵਿਚ ਘੇਰਾ ਪਾਇਆ ਅਤੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ। ਦਰਅਸਲ, ਉਨ੍ਹਾਂ ਨੂੰ ਇਲਾਕੇ ਵਿਚ ਅਤਿਵਾਦੀਆਂ ਦੇ ਹੋਣ ਬਾਰੇ ਸਵੇਰੇ ਹੀ ਸੂਚਨਾ ਮਿਲੀ ਸੀ। ਤਲਾਸ਼ੀ ਕਰਨ 'ਤੇ ਅਤਿਵਾਦੀਆਂ ਨੇ ਗੋਲੀਬਾਰੀ ਸ਼ੁਰੂ ਕਰ ਦਿਤੀ ਜਿਸ ਤੋਂ ਬਾਅਦ ਮੁਕਾਬਲਾ ਸ਼ੁਰੂ ਹੋ ਗਿਆ। ਅਧਿਕਾਰੀਆਂ ਨੇ ਪਹਿਲਾਂ ਦਸਿਆ ਸੀ ਕਿ ਸੁਰੱਖਿਆ ਬਲਾਂ ਨਾਲ ਮੁਕਾਬਲੇ ਵਿਚ ਤਿੰਨ ਅਤਿਵਾਦੀ ਮਾਰੇ ਗਏ। ਬਾਅਦ ਵਿਚ ਦਸਿਆ ਗਿਆ ਕਿ ਮੁਕਾਬਲੇ ਵਿਚ ਮਾਰੇ ਗਏ ਕੁਲ ਅਤਿਵਾਦੀਆਂ ਦੀ ਗਿਣਤੀ ਪੰਜ ਹੋ ਗਈ ਹੈ।