ਤਾਲਾਬੰਦੀ 'ਚ ਢਿੱਲ ਦੇਣ ਨਾਲ ਵੱਧ ਸਕਦਾ ਹੈ ਖ਼ਤਰਾ : ਮਾਹਰ
ਵਾਸ਼ਿੰਗਟਨ : ਵਿਸ਼ਵ ਸਿਹਤ ਸੰਗਠਨ ਦੇ ਇਕ ਮੁੱਖ ਮਾਹਰ ਨੇ ਕਿਹਾ ਕਿ ਭਾਰਤ ਵਿਚ ਕੋਰੋਨਾ ਵਾਇਰਸ ਨੂੰ ਲੈ ਕੇ ਸਥਿਤੀ ਅਜੇ 'ਵਿਸਫੋਟਕ' ਨਹੀਂ ਹੈ। ਵਿਸ਼ਵ ਸਿਹਤ ਸੰਗਠਨ (ਡਬਲਿਊ. ਐੱਚ. ਓ.) ਦੇ ਇਕ ਮੁੱਖ ਮਾਹਰ ਨੇ ਕਿਹਾ ਹੈ ਕਿ ਭਾਰਤ 'ਚ ਕੋਰੋਨਾ ਵਾਇਰਸ ਮਹਾਂਮਾਰੀ ਸੰਬੰਧੀ ਸਥਿਤੀ ਅਜੇ 'ਵਿਸਫੋਟਕ' ਨਹੀਂ ਹੈ, ਪਰ ਅਜਿਹਾ ਖਤਰਾ ਅਜੇ ਵੀ ਬਣਿਆ ਹੋਇਆ ਹੈ ਕਿਉਂਕਿ ਭਾਰਤ ਵਿਚ ਮਾਰਚ ਤੋਂ ਲੱਗੀ ਤਾਲਾਬੰਦੀ ਵਿਚ ਢਿੱਲ ਦਿਤੀ ਜਾ ਰਹੀ ਹੈ। ਸੰਗਠਨ ਦੇ ਸਿਹਤ ਐਮਰਜੈਂਸੀ ਸਥਿਤੀ ਪ੍ਰੋਗਰਾਮ ਦੇ ਕਾਰਜਕਾਰੀ ਨਿਰਦੇਸ਼ਕ ਮਿਸ਼ੇਲ ਰਿਆਨ ਨੇ ਸ਼ੁਕਰਵਾਰ ਨੂੰ ਕਿਹਾ ਕਿ ਭਾਰਤ ਵਿਚ ਕੋਰੋਨਾ ਵਾਇਰਸ ਦੇ ਮਾਮਲਿਆਂ ਦੀ ਗਿਣਤੀ ਦੁੱਗਣੇ ਹੋਣ ਦਾ ਸਮਾਂ ਇਸ ਪੱਧਰ 'ਤੇ ਲਗਭਗ ਤਿੰਨ ਹਫ਼ਤੇ ਹੈ। ਉਨ੍ਹਾਂ ਕਿਹਾ ਕਿ ਮਹਾਂਮਾਰੀ ਦੀ ਦਿਸ਼ਾ ਕਈ ਗੁਣਾ ਵਧਣ ਵਾਲੀ ਨਹੀਂ ਹੈ ਬਲਕਿ ਇਹ ਹੁਣ ਵੀ ਵੱਧ ਰਹੀ ਹੈ।
ਰਿਆਨ ਨੇ ਕਿਹਾ ਕਿ ਮਹਾਂਮਾਰੀ ਦਾ ਪ੍ਰਭਾਵ ਭਾਰਤ ਦੇ ਵੱਖ-ਵੱਖ ਹਿੱਸਿਆਂ, ਸ਼ਹਿਰੀ ਅਤੇ ਪੇਂਡੂ ਖੇਤਰਾਂ ਵਿਚ ਵੱਖਰਾ ਹੈ। ਇਸ ਵਿਚ ਫਰਕ ਹੈ। ਉਨ੍ਹਾਂ ਕਿਹਾ, “ਦਖਣੀ ਏਸ਼ੀਆ 'ਚ, ਸਿਰਫ ਭਾਰਤ ਹੀ ਨਹੀਂ ਸਗੋਂ ਸੰਘਣੀ ਅਬਾਦੀ ਵਾਲੇ ਦੂਜੇ ਦੇਸ਼ਾਂ ਬੰਗਲਾਦੇਸ਼ ਅਤੇ ਪਾਕਿਸਤਾਨ ਵਿਚ ਵੀ ਮਹਾਂਮਾਰੀ ਵਿਸਫੋਟਕ ਨਹੀਂ ਹੋਈ ਪਰ ਹਮੇਸ਼ਾ ਇਸ ਦੇ ਹੋਣ ਦਾ ਖ਼ਤਰਾ ਰਹਿੰਦਾ ਹੈ। ਰਿਆਨ ਨੇ ਕਿਹਾ ਕਿ ਜਦੋਂ ਕੋਈ ਮਹਾਂਮਾਰੀ ਫੈਲਦੀ ਹੈ ਅਤੇ ਭਾਈਚਾਰੇ ਵਿਚ ਵਧਦੀ ਹੈ ਤਾਂ ਇਹ ਕਿਸੇ ਵੀ ਸਮੇਂ ਅਪਣਾ ਪ੍ਰਕੋਪ ਦਿਖਾ ਸਕਦੀ ਹੈ।ਉਨ੍ਹਾਂ ਕਿਹਾ ਕਿ ਭਾਰਤ 'ਚ ਦੇਸ਼ ਵਿਆਪੀ ਤਾਲਾਬੰਦੀ ਵਰਗੇ ਕਦਮਾਂ ਨੇ ਵਾਇਰਸ ਦੇ ਫੈਲਣ ਦੀ ਰਫ਼ਤਾਰ ਨੂੰ ਘੱਟ ਰਖਿਆ ਹੈ ਪਰ ਦੇਸ਼ 'ਚ ਗਤੀਵਿਧੀਆਂ ਮੁੜ ਸ਼ੁਰੂ ਹੋਣ ਨਾਲ ਮਾਮਲੇ ਵਧਣ ਦਾ ਖ਼ਤਰਾ ਹੈ।