ਨਵੀਂ ਦਿੱਲੀ : 6 ਜੂਨ ਸ਼ਨਿਚਰਵਾਰ ਨੂੰ ਸਟੇਡੀਅਮ ਦੇ ਅਕਾਰ ਦਾ ਇਕ ਵੱਡਾ ਉਲਕਾ ਪਿੰਡ ਧਰਤੀ ਨੇੜੇ ਹੋਵੇਗਾ। ਵਿਗਿਆਨੀਆਂ ਨੂੰ ਪੂਰੀ ਉਮੀਦ ਹੈ ਕਿ ਇਹ ਸੁਰੱਖਿਅਤ ਦੂਰੀ ਤੋਂ ਲੰਘ ਜਾਵੇਗਾ ਤੇ ਧਰਤੀ ਨੂੰ ਕੋਈ ਹਾਨੀ ਨਹੀਂ ਪਹੁੰਚਾਏਗਾ। ਇਸ ਨੂੰ 2002 ਐਨ.ਐਨ-4 ਨਾਂ ਦਿਤਾ ਗਿਆ ਹੈ। ਇਸ ਦੀ ਚੌੜਾਈ 1, 000 ਫ਼ੁੱਟ ਤੋਂ ਜ਼ਿਆਦਾ ਹੈ ਤੇ ਇਸ ਨੂੰ ਨਾਸਾ ਨੇ 'ਨਿਅਰ ਅਰਥ ਆਬਜੈਕਟਸ' ਦੀ ਸੂਚੀ 'ਚ ਰਖਿਆ ਹੈ। ਇਹ 20, 000 ਮੀਲ ਪ੍ਰਤੀ ਘੰਟੇ ਤੋਂ ਜ਼ਿਆਦਾ ਸਪੀਡ ਨਾਲ ਯਾਤਰਾ ਕਰ ਰਿਹਾ ਹੈ।
20, 000 ਮੀਲ ਪ੍ਰਤੀ ਘੰਟੇ ਤੋਂ ਜ਼ਿਆਦਾ ਸਪੀਡ ਨਾਲ ਕਰ ਰਿਹਾ ਹੈ ਯਾਤਰਾ
ਫ਼ਲੋਰਿਡਾ ਗਲਫ਼ ਕੋਸਟ ਯੂਨੀਵਰਸਿਟੀ 'ਚ ਭੌਤਿਕੀ ਦੇ ਪ੍ਰੋਫ਼ੈਸਰ ਡੈਰੇਕ ਬੁਜ਼ੈਸੀ ਨੇ ਦਸਿਆ ਕਿ ਇਹ ਐਸਟੇਰਾਇਡ ਬਾਕੀ ਛੋਟੇ ਗ੍ਰਹਿਆਂ ਦੇ ਲਗਭਗ 90 ਫ਼ੀ ਸਦੀ ਤੋਂ ਵੱਡਾ ਹੈ ਤੇ ਇਸ ਦੀ ਤੁਲਨਾ ਇਕ ਫ਼ੁੱਟਬਾਲ ਸਟੇਡੀਅਮ ਨਾਲ ਕੀਤੀ ਜਾਂਦੀ ਹੈ। ਜਦੋਂ ਇਹ ਧਰਤੀ ਨੇੜੇ ਹੋਵੇਗਾ ਉਦੋਂ ਇਸ ਦਾ ਰੂਟ ਸਾਡੇ ਕੋਲੋਂ ਮਹਿਜ਼ 125 ਮੀਲ ਦੀ ਦੂਰ ਤਕ ਰਹਿਣ ਦੀ ਸੰਭਾਵਨਾ ਹੈ। ਨਾਸਾ ਅਨੁਸਾਰ, 'ਐਨ.ਈ.ਓ ਆਬਜ਼ਰਵੇਸ਼ਨ ਪ੍ਰੋਗਰਾਮ ਦਾ ਉਦੇਸ਼ ਉਸ ਦੀ ਅਨੁਮਾਨਤ ਗਿਣਤੀ ਦਾ ਘੱਟੋ-ਘੱਟ 90 ਫ਼ੀ ਸਦੀ ਦਾ ਪਤਾ ਲਾਉਣਾ, ਟਰੈਕ ਕਰਨਾ ਤੇ ਉਨ੍ਹਾਂ ਦੀ ਵਿਸ਼ੇਸ਼ਤਾ ਬਾਰੇ ਜਾਣਕਾਰੀ ਇਕੱਤਰ ਕਰਨਾ ਹੈ।
ਕਈ ਵਾਰ ਕੁੱਝ ਅਜਿਹੇ ਉਲਕਾ ਪਿੰਡਾਂ ਦੀ ਨਿਸ਼ਾਨਦੇਹੀ ਕੀਤੀ ਜਾਂਦੀ ਹੈ ਜਿਹੜੇ ਅਕਾਰ 'ਚ ਫ਼ੁੱਟਬਾਲ ਦੇ ਮੈਦਾਨ ਸਮਾਨ ਵੱਡੇ ਹੁੰਦੇ ਹਨ। ਇਸ ਅਕਾਰ ਦੇ ਉਲਕਾ ਪਿੰਡਾਂ ਨਾਲ ਵੱਡੇ ਪੱਧਰ 'ਤੇ ਤਬਾਹੀ ਤੇ ਧਰਤੀ ਲਈ ਖ਼ਤਰਾ ਪੈਦਾ ਹੁੰਦਾ ਹੈ। ਹੁਣ ਤਕ ਦੀ ਜਾਣਕਾਰੀ ਅਨੁਸਾਰ 140 ਮੀਟਰ ਤੋਂ ਵੱਡਾ ਕੋਈ ਛੋਟਾ ਗ੍ਰਹਿ ਨਹੀਂ ਹੈ। ਹਾਲਾਂਕਿ ਇਕ ਉਲਕਾ ਪਿੰਡ ਦੇ ਅਗਲੇ 100 ਸਾਲਾਂ 'ਚ ਧਰਤੀ ਨਾਲ ਟਕਰਾਉਣ ਦੀ ਸੰਭਾਵਨਾ ਜ਼ਰੂਰ ਹੈ। ਇਹ ਉਲਕਾ ਪਿੰਡ ਅਨੁਮਾਨਤ ਰੂਪ 'ਚ 140 ਮੀਟਰ ਤੋਂ ਵੀ ਵੱਡੇ ਅਕਾਰ ਦਾ ਹੈ।