ਪ੍ਰਧਾਨ ਮੰਤਰੀ ਨੂੰ ਪੱਤਰ ਲਿਖ ਕੇ 'ਆਪ' ਵਿਧਾਇਕ ਨੇ ਦਿਤੇ ਸੁਝਾਅ
ਚੰਡੀਗੜ੍ਹ : ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਵਿਧਾਇਕ ਅਮਨ ਅਰੋੜਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਕਰੋੜਾਂ ਦੀ ਗਿਣਤੀ ਵਿਚ ਰੋਜਗਾਰ ਮੁਹੱਈਆ ਕਰ ਰਹੇ ਛੋਟੇ-ਵੱਡੇ ਦੁਕਾਨਦਾਰਾਂ ਨੂੰ ਲੌਕਡਾਉਨ ਪ੍ਰਕੋਪ ਤੋਂ ਉਭਰਨ ਲਈ ਵਰਕਿੰਗ ਕੈਪੀਟਲ ਲੋਨ ਮੁਹੱਈਆ ਕੀਤਾ ਜਾਵੇ। 'ਆਪ' ਹੈੱਡਕੁਆਟਰ ਰਾਹੀਂ ਜਾਰੀ ਪੱਤਰ ਵਿਚ ਅਮਨ ਅਰੋੜਾ ਨੇ ਕਿਹਾ ਕਿ ਦੇਸ਼ ਦਾ ਸੰਗਠਤ ਅਤੇ ਗ਼ੈਰ ਸੰਗਠਤ ਪਰਚੂਨ ਬਾਜ਼ਾਰ 1300 ਬਿਲੀਅਨ ਯੂ.ਐਸ. ਡਾਲਰ ਦਾ ਕਾਰੋਬਾਰ ਕਰ ਰਿਹਾ ਹੈ। 2 ਕਰੋੜ ਦੇ ਕਰੀਬ ਛੋਟੇ-ਵੱਡੇ ਦੁਕਾਨਦਾਰ ਲਗਭਗ 5 ਕਰੋੜ ਤੋਂ ਜ਼ਿਆਦਾ ਨੌਕਰੀਆਂ ਮੁਹਈਆ ਕਰ ਰਹੇ ਹਨ।
ਕਰੋੜਾਂ ਨੌਕਰੀਆਂ ਦੇਣ ਵਾਲੇ ਛੋਟੇ-ਵੱਡੇ ਦੁਕਾਨਦਾਰਾਂ ਨੂੰ ਮੁਹਈਆ ਹੋਵੇ ਵਰਕਿੰਗ ਕੈਪੀਟਲ ਲੋਨ : ਅਮਨ ਅਰੋੜਾ
ਲਾਕਡਾਊਨ ਦੇ ਮਾਰੂ ਪ੍ਰਭਾਵ ਤੋਂ ਬਚਾਉਣ ਲਈ ਇਨ੍ਹਾਂ ਦੁਕਾਨਦਾਰਾਂ ਦੀ ਬਾਂਹ ਫੜਨਾ ਸੂਬਾ ਅਤੇ ਕੇਂਦਰ ਸਰਕਾਰਾਂ ਦਾ ਫ਼ਰਜ਼ ਹੈ। ਉਨ੍ਹਾਂ ਦਸਿਆ ਕਿ ਦੇਸ਼ ਵਿਚ ਖੇਤੀਬਾੜੀ ਅਤੇ ਉਦਯੋਗਿਕ ਖੇਤਰ ਤੋਂ ਬਾਅਦ ਪਰਚੂਨ (ਰਿਟੇਲ) ਬਾਜ਼ਾਰ ਹੀ ਸੱਭ ਤੋਂ ਵੱਧ ਰੁਜ਼ਗਾਰ ਅਤੇ ਟੈਕਸ ਦੇਣ ਵਾਲਾ ਖੇਤਰ ਹੈ। ਜਿਸ ਨੂੰ ਅਜਿਹੇ ਮੌਕੇ ਨਜ਼ਰਅੰਦਾਜ਼ ਕਰਨਾ ਦੇਸ਼ ਅਤੇ ਦੇਸ਼ ਵਾਸੀਆਂ ਲਈ ਠੀਕ ਨਹੀਂ ਹੋਵੇਗਾ। ਅਮਨ ਅਰੋੜਾ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਸੁਝਾਅ ਦਿਤੇ ਹਨ ਤਾਕਿ ਗਲੀ-ਮੁਹੱਲਿਆਂ, ਬਾਜ਼ਾਰਾਂ ਅਤੇ ਸ਼ਾਪਿੰਗ ਮਾਲਜ਼ (shoping mall) ਵਿਚ ਦੁਕਾਨ ਚਲਾ ਰਹੇ ਛੋਟੇ ਦੁਕਾਨਦਾਰਾਂ ਨੂੰ ਵਰਕਿੰਗ ਕੈਪੀਟਲ ਕਰਜ਼ (fund) ਉਪਲਬਧ ਕਰਵਾਇਆ ਜਾਵੇ। ਅਮਨ ਅਰੋੜਾ ਨੇ ਕਿਹਾ ਕਿ ਤਾਲਾਬੰਦੀ (lockdown) ਖੁਲ੍ਹਣ ਤੋਂ ਬਾਅਦ ਇਨ੍ਹਾਂ ਕਾਰੋਬਾਰੀਆਂ ਨੂੰ ਅਪਣਾ ਕਾਰੋਬਾਰ ਫਿਰ ਤੋਂ ਸ਼ੁਰੂ ਕਰਨ ਵਿਚ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਲਈ ਉਨ੍ਹਾਂ (ਅਮਨ ਅਰੋੜਾ) ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਗੁਜ਼ਾਰਸ਼ ਕੀਤੀ ਕਿ ਖੇਤੀਬਾੜੀ ਅਤੇ ਉਦਯੋਗਾਂ ਦੀ ਤਰਜ਼ ਉਤੇ ਬਿਨਾਂ ਕਿਸੇ ਕੋਲੇਟਰਲ ਦੇ ਸਕੀਮ ਦੀ ਤਰਜ਼ ਉਤੇ ਉਕਤ ਵਪਾਰੀ ਵਰਗ ਨੂੰ ਵੀ ਕਰਜ਼ਾ ਦਿਤਾ ਜਾਵੇ। ਅਮਨ ਅਰੋੜਾ ਨੇ ਅਪਣੇ ਪੱਤਰ ਵਿਚ ਸੁਝਾਅ ਦਿਤਾ ਕਿ ਅਜਿਹੇ ਅਸੰਗਠਤ (ਅਨ-ਰਜਿਸਟਰਡ) ਦੁਕਾਨਦਾਰਾਂ ਨੂੰ ਮਹੀਨਾਵਾਰ ਕਿਸ਼ਤ 'ਤੇ 2.5 ਸਾਲ ਲਈ 3 ਲੱਖ ਰੁਪਏ ਬਿਨਾਂ ਵਿਆਜ ਦੇ ਅਤੇ 5 ਸਾਲ ਲਈ 3 ਲੱਖ ਰੁਪਏ ਰੈਪੋ ਰੇਟ ਉਤੇ ਦਿਤੇ ਜਾਣ। ਇਸੇ ਤਰ੍ਹਾਂ ਹੀ ਸੰਗਠਤ (ਰਜਿਸਟਰਡ) ਕਾਰੋਬਾਰੀਆਂ ਨੂੰ ਉਨ੍ਹਾਂ ਦੀ ਸਾਲਾਨਾ ਟਰਨ ਓਵਰ/ਸਮਰਥਾ ਅਨੁਸਾਰ ਅੱਧਾ ਕਰਜ਼ਾ 2.5 ਸਾਲ ਲਈ ਬਿਨਾਂ ਵਿਆਜ ਅਤੇ ਅੱਧਾ 5 ਸਾਲ ਲਈ ਰੈਪੋ ਰੇਟ ਅਨੁਸਾਰ ਦਿਤਾ ਜਾਵੇ। ਅਰੋੜਾ ਨੇ ਕਿਹਾ ਕਿ ਅਜਿਹੇ ਛੋਟੇ ਦੁਕਾਨਦਾਰਾਂ ਵਲੋਂ ਪਹਿਲਾਂ ਤੋਂ ਹੀ ਲਈ ਹੋਏ ਪੰਜ ਲੱਖ ਤਕ ਦੇ ਕਰਜ਼ ਨੂੰ ਵੀ ਇਕ ਸਾਲ ਲਈ ਵਿਆਜ ਮੁਕਤ ਕਰ ਦਿਤਾ ਜਾਵੇ ਤਾਂ ਇਨ੍ਹਾਂ ਨੂੰ ਅਪਣਾ ਕਾਰੋਬਾਰ ਸ਼ੁਰੂ ਕਰਨ ਵਿਚ ਕਾਫ਼ੀ ਆਸਾਨੀ ਹੋ ਜਾਵੇਗੀ।