ਜਲੰਧਰ: ਪਿਛਲੇ ਇਕ ਹਫ਼ਤੇ ਤੋਂ ਤੰਦੂਰ ਵਾਗ ਤਪ ਰਹੇ ਪੰਜਾਬ ਨੂੰ ਅੱਜ ਕੁੱਝ ਰਾਹਤ ਮਿਲੀ ਹੈ ਕਿਉਂਕਿ ਸੂਬੇ ਦੇ ਕਈ ਹਿੱਸਿਆਂ 'ਚੋਂ ਹਲਕੀ ਤੇ ਦਰਮਿਆਨੀ ਬਾਰਸ਼ ਹੋਣ ਦੀਆਂ ਖ਼ਬਰਾਂ ਮਿਲੀਆਂ ਹਨ। ਕਈ ਥਾਵਾਂ 'ਤੇ ਤੇਜ਼ ਝੱਖੜ ਵੀ ਚਲਿਆ ਜਿਸ ਕਾਰਨ ਆਵਾਜਾਈ 'ਚ ਵਿਘਨ ਵੀ ਪਿਆ। ਬਰਨਾਲਾ ਜ਼ਿਲ੍ਹੇ 'ਚ ਸ਼ਾਮ 5:15 ਵਜੇ ਹੀ ਅਸਮਾਨ ਬੱਦਲਵਾਈ ਹੋਣ ਕਾਰਨ ਹਨੇਰਾ ਛਾ ਗਿਆ। ਬੱਦਲਵਾਈ ਹੋਣ ਉਪਰੰਤ ਕਣੀਆਂ ਪੈਣ ਨਾਲ ਅੱਤ ਦੀ ਪੈ ਰਹੀ ਗਰਮੀ ਤੋਂ ਲੋਕਾਂ ਨੂੰ ਰਾਹਤ ਮਿਲੀ।
ਮਾਲਵਾ ਇਲਾਕੇ ਵਿਚ ਮੀਂਹ ਪੈਣ ਨਾਲ ਲੋਕਾਂ ਨੂੰ ਗਰਮੀ ਤੋਂ ਜਿਥੇ ਰਾਹਤ ਮਿਲੀ ਉੱਥੇ ਕਿਸਾਨਾਂ ਵਲੋਂ ਬੀਜਿਆ ਨਰਮਾ ਵੀ ਨੁਕਸਾਨਿਆ ਗਿਆ। ਉਥੇ ਹੀ, ਬਾਘਾ ਪੁਰਾਣਾ ਵਿਚ ਵੀ ਤੇਜ਼ ਝੱਖੜ ਝੁਲਣ ਮਗਰੋਂ ਭਾਰੀ ਮੀਂਹ ਪਿਆ। ਜਿਸ ਨਾਲ ਲੋਕਾਂ ਨੂੰ ਗਰਮੀ ਤੋਂ ਕੁੱਝ ਰਾਹਤ ਮਿਲੀ। ਇਸ ਤੋਂ ਇਲਾਵਾ ਮੋਗਾ ਜ਼ਿਲ੍ਹੇ ਦੇ ਦੂਜੇ ਇਲਾਕਿਆਂ 'ਚ ਵੀ ਝੱਖੜ ਕਾਰਨ ਕਈ ਥਾਵਾਂ 'ਤੇ ਦਰੱਖ਼ਤ ਟੁੱਟ ਗਏ। ਇਸ ਦੇ ਨਾਲ ਹੀ, ਤਪਾ ਮੰਡੀ ਵਿਖੇ ਵੀ ਆਥਣ ਦੇ ਪੰਜ ਵਜੇ ਦੇ ਕਰੀਬ ਚੱਲੇ ਤੇਜ਼ ਝੱਖੜ ਕਰਕੇ ਆਮ ਜਨ ਜੀਵਨ ਅਸਤ ਵਿਅਸਤ ਹੋ ਗਿਆ। ਝੱਖੜ ਇੰਨਾ ਤੇਜ਼ ਚੱਲ ਸੀ ਕਿ ਕੁਝ ਦੂਰੀ ਤਕ ਵੀ ਦਿਖਾਈ ਨਹੀਂ ਦੇ ਰਿਹਾ ਸੀ। ਕੌਮੀ ਮਾਰਗ 7 'ਤੇ ਗੱਡੀਆਂ ਵਾਲੇ ਲਾਈਟਾਂ ਦਾ ਸਹਾਰਾ ਲੈ ਕੇ ਅਪਣੀ ਮੰਜ਼ਿਲ ਵਲ ਜਾ ਰਹੇ ਸਨ। ਵੇਖਣ 'ਚ ਆਇਆ ਕਿ ਤੇਜ਼ ਝੱਖੜ ਕਰ ਕੇ ਗੁਦਾਮਾਂ ਦੇ ਸ਼ੈੱਡ ਅਤੇ ਸੜਕਾਂ 'ਤੇ ਕੁੱਝ ਦਰੱਖ਼ਤ ਟੁੱਟੇ ਵਿਖਾਈ ਦਿਤੇ।
ਸ੍ਰੀ ਮੁਕਤਸਰ ਸਾਹਿਬ ਅਤੇ ਫ਼ਰੀਦਕੋਟ 'ਚ ਵੀ ਅਚਾਨਕ 3 ਵਜੇ ਅਸਮਾਨ 'ਚ ਕਾਲੇ ਬੱਦਲ ਛਾ ਗਏ ਅਤੇ 3:30 ਵਜੇ ਤੇਜ਼ ਹਨੇਰੀ ਮਗਰੋਂ ਬਾਰਸ਼ ਸ਼ੁਰੂ ਹੋ ਗਈ। ਹਨੇਰੀ ਕਾਰਨ ਸ਼ਹਿਰ ਦੀ ਬਿਜਲੀ ਸਪਲਾਈ ਠੱਪ ਹੋ ਗਈ। ਮੌਸਮ ਦੇ ਬਦਲੇ ਮਜਾਜ਼ ਕਾਰਨ ਲੋਕਾਂ ਨੇ ਗਰਮੀ ਤੋਂ ਰਾਹਤ ਮਹਿਸੂਸ ਕੀਤੀ। ਬਠਿੰਡਾ ਸ਼ਹਿਰ ਅਤੇ ਇਸ ਦੇ ਆਸਪਾਸ ਇਲਾਕਿਆਂ ਵਿਚ ਕੁੱਝ ਸਮੇਂ ਲਈ ਬਾਰਸ਼ ਹੋਈ। ਇਸ ਤੋਂ ਇਲਾਵਾ ਕੁੱਝ ਇਲਾਕਿਆਂ ਵਿਚ ਗੜੇਮਾਰੀ ਦੀਆਂ ਵੀ ਸੂਚਨਾਵਾਂ ਹਨ। ਸੰਗਰੂਰ ਅਤੇ ਪਟਿਆਲਾ ਵਿਚ ਵੀ ਮੀਂਹ ਪੈਣ ਦੀਆਂ ਖ਼ਬਰਾਂ ਸਾਹਮਣੇ ਆਈਆਂ ਹਨ।