AAP MLA ਗੁਰਪ੍ਰੀਤ ਗੋਗੀ ਦੀ ਗੋਲੀ ਲੱਗਣ ਨਾਲ ਮੌਤ
ਪਿਸਤੌਲ ਸਾਫ਼ ਕਰਦੇ ਸਮੇਂ ਚੱਲੀ ਗੋਲੀ, ਸਿਰ ਚ ਲੱਗੀ
ਲੁਧਿਆਣਾ : ਪੰਜਾਬ ਦੇ ਲੁਧਿਆਣਾ ਦੇ ਹਲਕਾ ਪੱਛਮੀ ਤੋਂ ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕ ਗੁਰਪ੍ਰੀਤ ਬੱਸੀ ਗੋਗੀ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ ਹੈ। ਘਟਨਾ ਰਾਤ ਕਰੀਬ 12 ਵਜੇ ਦੀ ਹੈ। ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਗੋਗੀ ਘਰ ਵਿੱਚ ਆਪਣੀ ਲਾਇਸੈਂਸੀ ਪਿਸਤੌਲ ਸਾਫ਼ ਕਰ ਰਿਹਾ ਸੀ। ਇਸ ਦੌਰਾਨ ਅਚਾਨਕ ਗੋਲੀ ਚੱਲ ਗਈ। ਗੋਲੀ ਸਿਰ 'ਚੋਂ ਲੰਘ ਗਈ।
ਪੁਲੀਸ ਅਧਿਕਾਰੀ ਅਤੇ ਪਰਿਵਾਰਕ ਮੈਂਬਰ ਉਸ ਨੂੰ ਜ਼ਖ਼ਮੀ ਹਾਲਤ ਵਿੱਚ ਦਯਾਨੰਦ ਮੈਡੀਕਲ ਹਸਪਤਾਲ (ਡੀਐਮਸੀ) ਲੈ ਗਏ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਇਸ ਦਾ ਪਤਾ ਲੱਗਦਿਆਂ ਹੀ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਅਤੇ ਪੁਲਿਸ ਕਮਿਸ਼ਨਰ ਕੁਲਦੀਪ ਚਾਹਲ ਗੋਗੀ ਦੇ ਘਰ ਪਹੁੰਚ ਗਏ।
ਏਡੀਸੀਪੀ ਜਸਕਰਨ ਸਿੰਘ ਤੇਜਾ ਨੇ ਦੱਸਿਆ ਕਿ ਪਿਸਤੌਲ 25 ਬੋਰ ਦਾ ਸੀ। ਵਿਧਾਇਕ ਦੀ ਮੌਤ ਕਿਨ੍ਹਾਂ ਹਾਲਾਤਾਂ 'ਚ ਹੋਈ, ਇਹ ਕਹਿਣਾ ਜਲਦਬਾਜ਼ੀ ਹੋਵੇਗੀ। ਪੋਸਟਮਾਰਟਮ ਤੋਂ ਬਾਅਦ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਜਾਵੇਗੀ।
ਪਾਰਟੀ ਦੇ ਸੂਬਾ ਪ੍ਰਧਾਨ ਵਿਧਾਇਕ ਦੇ ਘਰ ਪਹੁੰਚੇ
ਪਾਰਟੀ ਦੇ ਸੂਬਾ ਪ੍ਰਧਾਨ ਅਮਨ ਅਰੋੜਾ ਸਵੇਰੇ 4.30 ਵਜੇ ਗੋਗੀ ਦੇ ਘਰ ਪਹੁੰਚੇ। ਅਮਨ ਅਰੋੜਾ ਨੇ ਕਿਹਾ ਕਿ ਗੋਗੀ ਦੇ ਪਰਿਵਾਰ ਅਤੇ ਪਾਰਟੀ ਨੂੰ ਵੱਡਾ ਘਾਟਾ ਪਿਆ ਹੈ। ਗੋਗੀ ਬਹੁਤ ਮਿਹਨਤੀ ਆਗੂ ਸੀ। ਪੁਲਿਸ ਸਾਰੀਆਂ ਥਿਊਰੀਆਂ 'ਤੇ ਕੰਮ ਕਰ ਰਹੀ ਹੈ। ਪਰਿਵਾਰ ਨਾਲ ਉਨ੍ਹਾਂ ਦੀ ਹਮਦਰਦੀ ਹੈ।