ਨਵੀਂ ਦਿੱਲੀ : ਕੋਰੋਨਾ ਵਾਇਰਸ ਮਹਾਂਮਾਰੀ ਅਤੇ ਇਸ ਦੀ ਰੋਕਥਾਮ ਲਈ ਆਵਜਾਈ 'ਤੇ ਲਾਗੂ ਪਾਬੰਦੀਆਂ ਤੋਂ ਬਾਅਦ ਵੀ ਇਸ ਸਾਲ ਕਣਕ ਦੀ ਸਰਕਾਰੀ ਖ਼ਰੀਦ ਹੁਣ ਤਕ 3.415 ਕਰੋੜ ਟਨ ਤਕ ਪੁੱਜ ਗਈ ਹੈ। ਇਹ ਪਿਛਲੇ ਸਾਲ ਦੇ ਤਿੰਨ ਕਰੋੜ 41.3 ਲੱਖ ਟਨ ਦੀ ਖ਼ਰੀਦ ਤੋਂ ਜ਼ਿਆਦਾ ਹੋ ਗਈ ਹੈ। ਸਰਕਾਰ ਨੇ 2020-21 'ਚ 4.07 ਕਰੋੜ ਟਨ ਕਣਕ ਖ਼ਰੀਦਣ ਦਾ ਟੀਚਾ ਰਖਿਆ ਹੈ। ਕਣਕ ਦੀ ਖ਼ਰੀਦ ਅਪ੍ਰੈਲ ਤੋਂ ਜੂਨ ਵਿਚਕਾਰ ਚਲਦੀ ਹੈ। ਇਸ ਤੋਂ ਬਾਅਦ ਪਾਬੰਦੀਆਂ ਕਰ ਕੇ ਖ਼ਰੀਦ ਦੇਰੀ ਨਾਲ ਸ਼ੁਰੂ ਹੋਈ। ਭਾਰਤੀ ਖੁਰਾਕ ਨਿਗਮ (ਐਫ਼.ਸੀ.ਆਈ.) ਅਤੇ ਸੂਬਾ ਖ਼ਰੀਦ ਏਜੰਸੀਆ ਘੱਟੋ-ਘੱਟ ਸਮਰਥਨ ਮੁੱਲ (ਐਮ.ਐਸ.ਪੀ.) 'ਤੇ ਕਣਕ ਖ਼ਰੀਦ ਦਾ ਕੰਮ ਕਰਦੀ ਹੈ। ਖੁਰਾਕ ਮੰਤਰਾਲੇ ਨੇ ਇਕ ਬਿਆਨ 'ਚ ਕਿਹਾ ਕਿ ਚਾਲੂ ਵੰਡ ਵਰ੍ਹੇ 'ਚ 24 ਮਈ ਤਕ ਕੁਲ ਕਣਕ ਖ਼ਰੀਦ ਤਿੰਨ ਕਰੋੜ 41.5 ਲੱਖ ਟਨ ਹੋ ਗਈ ਹੈ, ਜੋ ਕਿ ਪਿਛਲੇ ਸਾਲ ਦੀ ਤਿੰਨ ਕਰੋੜ 41.3 ਲੱਖ ਟਨ ਦੀ ਖ਼ਰੀਦ ਤੋਂ ਜ਼ਿਆਦਾ ਹੈ। ਇਸ 'ਚ ਪੰਜਾਬ ਤੋਂ 1 ਕਰੋੜ 25.8 ਲੱਖ ਟਨ, ਮੱਧ ਪ੍ਰਦੇਸ਼ 'ਚੋਂ 1 ਕਰੋੜ 13.3 ਲੱਖ ਟਨ, ਹਰਿਆਣਾ 'ਚ 70.6 ਲੱਖ ਟਨ, ਉੱਤਰ ਪ੍ਰਦੇਸ਼ ਤੋਂ 20.3 ਲੱਖ ਟਨ, ਉੱਤਰਾਖੰਡ 'ਚ 31, 000 ਟਨ, ਗੁਜਰਾਤ 'ਚ 21, 000 ਟਨ, ਚੰਡੀਗੜ੍ਹ 'ਚ 12, 000 ਟਨ ਅਤੇ ਹਿਮਾਚਲ 'ਚ 3, 000 ਟਨ ਕਣਕ ਦੀ ਖ਼ਰੀਦ ਹੋਈ ਹੈ। ਇਸ ਸਾਲ 24 ਮਾਰਚ ਨੂੰ ਤਾਲਾਬੰਦੀ (ਪਾਬੰਦੀਆਂ) ਕਰ ਕੇ ਕੰਮਕਾਜ ਰੁਕ ਗਿਆ ਸੀ। ਫ਼ਸਲ ਉਦੋਂ ਤਕ ਪੱਕ ਚੁੱਕੀ ਸੀ ਅਤੇ ਕਟਾਈ ਲਈ ਤਿਆਰ ਸੀ। ਮੰਤਰਾਲੇ ਨੇ ਇਸ ਦੌਰਾਨ ਖੇਤੀਬਾੜੀ ਅਤੇ ਸਬੰਧਤ ਗਤੀਵਿਧੀਆਂ ਨੂੰ ਸ਼ੁਰੂ ਕਰਨ ਲਈ ਛੋਟ ਦਿਤੀ ਸੀ ਅਤੇ ਪ੍ਰਮੁੱਖ ਕਣਕ ਉਤਪਾਦਕ ਸੂਬੇ 15 ਅਪ੍ਰੈਲ ਤੋਂ ਖ਼ਰੀਦ ਦਾ ਕੰਮ ਸ਼ੁਰੂ ਕਰ ਸਕੇ ਸਨ। ਜੂਟ ਦੀਆਂ ਬੋਰੀਆਂ ਨਾ ਮਿਲਣ ਕਰ ਕੇ ਇਸ ਸਮੱਸਿਆ ਦਾ ਹੱਲ ਪਲਾਸਟਿਕ ਦੀਆਂ ਬੋਰੀਆਂ ਦੇ ਪ੍ਰਯੋਗ ਜ਼ਰੀਏ ਦੂਰ ਕੀਤਾ ਗਿਆ।