ਮੋਹਾਲੀ : ਪੰਜਾਬ ਦੀਆਂ 4 ਵਿਧਾਨ ਸਭਾ ਸੀਟਾਂ 'ਤੇ ਹੋਣ ਵਾਲੀਆਂ ਜ਼ਿਮਨੀ ਚੋਣਾਂ ਦੀ ਤਰੀਕ ਬਦਲ ਗਈ ਹੈ। ਚੋਣ ਕਮਿਸ਼ਨ ਨੇ ਸੋਮਵਾਰ (4 ਨਵੰਬਰ) ਨੂੰ ਉੱਤਰ ਪ੍ਰਦੇਸ਼, ਪੰਜਾਬ ਅਤੇ ਕੇਰਲ ਦੀਆਂ 15 ਵਿਧਾਨ ਸਭਾ ਸੀਟਾਂ 'ਤੇ ਹੋਣ ਵਾਲੀਆਂ ਉਪ ਚੋਣਾਂ ਲਈ ਮੁੜ ਸ਼ੈਡਿਊਲ ਜਾਰੀ ਕੀਤਾ। ਹੁਣ ਵੋਟਾਂ 13 ਨਵੰਬਰ ਦੀ ਬਜਾਏ 20 ਨਵੰਬਰ ਨੂੰ ਪੈਣਗੀਆਂ। ਨਤੀਜਾ 23 ਨਵੰਬਰ ਨੂੰ ਹੀ ਆਵੇਗਾ।
ਇਨ੍ਹਾਂ ਸੂਬਿਆਂ ਦੀਆਂ ਪ੍ਰਮੁੱਖ ਸਿਆਸੀ ਪਾਰਟੀਆਂ ਦੀ ਮੰਗ 'ਤੇ ਤਰੀਕਾਂ 'ਚ ਬਦਲਾਅ ਕੀਤਾ ਗਿਆ ਹੈ। ਇਨ੍ਹਾਂ ਪਾਰਟੀਆਂ ਵਿੱਚ ਭਾਜਪਾ, ਕਾਂਗਰਸ, ਆਰਐਲਡੀ, ਬਸਪਾ ਸ਼ਾਮਲ ਹਨ।
ਪੰਜਾਬ ਦੀਆਂ ਬਰਨਾਲਾ, ਡੇਰਾ ਬਾਬਾ ਨਾਨਕ, ਚੱਬੇਵਾਲ ਅਤੇ ਗਿੱਦੜਬਾਹਾ ਸੀਟਾਂ 'ਤੇ ਜ਼ਿਮਨੀ ਚੋਣਾਂ ਹੋ ਰਹੀਆਂ ਹਨ। ਸਾਰੀਆਂ ਚਾਰ ਸੀਟਾਂ ਤੋਂ ਵਿਧਾਇਕ ਇਸ ਸਾਲ ਸੰਸਦ ਮੈਂਬਰ ਚੁਣੇ ਗਏ ਸਨ। ਜਿਸ ਤੋਂ ਬਾਅਦ ਸਾਰੀਆਂ ਚਾਰ ਸੀਟਾਂ ਖਾਲੀ ਹੋ ਗਈਆਂ।
ਕਾਂਗਰਸੀ ਆਗੂ ਬਾਜਵਾ ਨੇ ਚੋਣ ਕਮਿਸ਼ਨ ਨੂੰ ਪੱਤਰ ਲਿਖਿਆ ਸੀ
ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਅਤੇ ਸੀਨੀਅਰ ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਚੋਣ ਕਮਿਸ਼ਨ ਨੂੰ ਪੱਤਰ ਲਿਖ ਕੇ ਮਿਤੀ ਬਦਲਣ ਦੀ ਮੰਗ ਕੀਤੀ ਸੀ। ਉਨ੍ਹਾਂ ਵੱਲੋਂ ਪੱਤਰ ਵਿੱਚ ਦਲੀਲ ਦਿੱਤੀ ਗਈ ਸੀ ਕਿ 15 ਨਵੰਬਰ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਹੈ। ਪ੍ਰਕਾਸ਼ ਪਰਵ 3 ਦਿਨਾਂ ਤੱਕ ਚੱਲਦਾ ਹੈ, ਜਿਸ ਦੀ ਸ਼ੁਰੂਆਤ 13 ਨਵੰਬਰ ਨੂੰ ਅਖੰਡ ਪਾਠ ਸਾਹਿਬ ਨਾਲ ਹੋਵੇਗੀ। ਉਸੇ ਦਿਨ ਵੋਟਿੰਗ ਹੋਣੀ ਹੈ। ਅਜਿਹੀ ਸਥਿਤੀ ਵਿੱਚ ਕਮਿਸ਼ਨ ਨੂੰ ਵਿਚਾਰ ਕਰਨਾ ਚਾਹੀਦਾ ਹੈ।