ਨਵੀਂ ਦਿੱਲੀ: ਭਾਰਤ ਦੇ ਸਿਹਤ ਮੰਤਰੀ Dr. harshvardhan ਨੂੰ ਸਰਬਸੰਮਤੀ ਨਾਲ ਡਬਲਯੂਐਚਓ ਕਾਰਜਕਾਰੀ ਬੋਰਡ ਦਾ ਚੇਅਰਮੈਨ ਚੁਣਿਆ ਗਿਆ ਹੈ। ਭਾਰਤ ਨੇ ਸੰਯੁਕਤ ਰਾਸ਼ਟਰ ਦੀ ਸਭ ਤੋਂ ਵੱਡੀ ਸਿਹਤ ਸੰਸਥਾ ਚਲਾਉਣ ਵਾਲੇ ਕਾਰਜਕਾਰੀ ਬੋਰਡ ਦੀ ਕਮਾਨ ਆਪਣੇ ਹੱਥ ਵਿਚ ਅਜਿਹੇ ਸਮੇਂ ਲਈ ਜਦੋਂ ਦੁਨੀਆ ਕੋਰੋਨਾਵਾਇਰਸ ਸੰਕਟ ਦਾ ਸਾਹਮਣਾ ਕਰ ਰਹੀ ਹੈ। ਵੀਡੀਓ ਕਾਨਫਰੰਸਿੰਗ ਰਾਹੀਂ ਹੋਈ ਇਸ ਮੀਟਿੰਗ ਵਿੱਚ ਜਿੱਥੇ ਵਿਸ਼ਵ ਸਿਹਤ ਸੰਗਠਨ ਦੇ ਉੱਚ ਅਧਿਕਾਰੀ ਜੀਨੇਵਾ ਤੋਂ ਸ਼ਾਮਲ ਹੋਏ। ਭਾਰਤ ਤਿੰਨ ਸਾਲਾਂ ਲਈ ਕਾਰਜਕਾਰੀ ਬੋਰਡ ਦਾ ਮੈਂਬਰ ਬਣੇਗਾ। ਉਧਰ ਪ੍ਰਧਾਨਗੀ ਦੇ ਅਹੁਦੇ ਲਈ ਦੱਖਣ ਅਤੇ ਦੱਖਣ-ਪੂਰਬੀ ਏਸ਼ੀਆ ਦੀ ਬਾਰੀ ਹੋਣ ਕਰਕੇ ਭਾਰਤ ਨੂੰ ਇਸ ਦੀ ਅਗਵਾਈ ਸੌਂਪੀ ਗਈ ਹੈ। ਚੋਣ ਤੋਂ ਬਾਅਦ ਕਾਰਜਕਾਰੀ ਬੋਰਡ ਨੂੰ ਸੰਬੋਧਨ ਕਰਦਿਆਂ, ਭਾਰਤੀ ਸਿਹਤ ਮੰਤਰੀ ਨੇ ਕੋਰੋਨਾ ਮਹਾਮਾਰੀ ਦੌਰਾਨ ਪ੍ਰਭਾਵਸ਼ਾਲੀ ਉਪਾਵਾਂ ਲਈ ਵਿਸ਼ਵਵਿਆਪੀ ਕੋਸ਼ਿਸ਼ਾਂ ਅਤੇ ਸਹਿਯੋਗ ‘ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਸਰਵ ਵਿਆਪਕ ਸਿਹਤ ਕਵਰੇਜ ਦੇ ਟੀਚਿਆਂ ਨੂੰ ਹਾਸਲ ਕਰਨ ਲਈ, ਇਹ ਜ਼ਰੂਰੀ ਹੈ ਕਿ ਸਰੋਤਾਂ ਦੀ ਵਧੇਰੇ ਲਾਭਕਾਰੀ, ਕੁਸ਼ਲ ਅਤੇ ਲਕਸ਼ਿਤ ਵਰਤੋਂ ਕੀਤੀ ਜਾਵੇ। ਡਾ. ਹਰਸ਼ਵਰਧਨ ਨੇ ਕਿਹਾ ਕਿ ਕੋਰੋਨਾ ਮਹਾਮਾਰੀ ਨੇ ਵਿਸ਼ਵ ਵਿੱਚ ਮੌਜੂਦਾ ਸਿਹਤ ਪ੍ਰਣਾਲੀਆਂ ਦੀਆਂ ਕਮਜ਼ੋਰੀਆਂ ਨੂੰ ਉਜਾਗਰ ਕੀਤਾ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਹੁਣ ਇਹ ਸਾਬਤ ਹੋ ਗਿਆ ਹੈ ਕਿ ਸਿਹਤ ਨੂੰ ਨਜ਼ਰ ਅੰਦਾਜ਼ ਕਰਨ ਦੇ ਨਤੀਜੇ ਕਿੰਨੇ ਗੰਭੀਰ ਹੋ ਸਕਦੇ ਹਨ।