ਨਵੀਂ ਦਿੱਲੀ : ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਐਮਰਜਿੰਗ ਏਸ਼ੀਆ ਕੱਪ 2024 ਲਈ ਭਾਰਤੀ ਏ ਟੀਮ ਦਾ ਐਲਾਨ ਕਰ ਦਿੱਤਾ ਹੈ। ਟੂਰਨਾਮੈਂਟ ਦੀ ਕਪਤਾਨੀ ਮੁੰਬਈ ਇੰਡੀਅਨਜ਼ ਦੇ ਬੱਲੇਬਾਜ਼ ਤਿਲਕ ਵਰਮਾ ਨੂੰ ਦਿੱਤੀ ਗਈ ਹੈ। ਉਨ੍ਹਾਂ ਤੋਂ ਇਲਾਵਾ ਬੋਰਡ ਨੇ ਇਸ ਟੂਰਨਾਮੈਂਟ ਲਈ ਕਈ ਨੌਜਵਾਨ ਖਿਡਾਰੀਆਂ ਨੂੰ ਵੀ ਮੌਕਾ ਦਿੱਤਾ ਹੈ। ਇਸ ਟੂਰਨਾਮੈਂਟ ਵਿੱਚ ਕਈ ਅਜਿਹੇ ਖਿਡਾਰੀ ਹੋਣਗੇ ਜੋ ਪਹਿਲੀ ਵਾਰ ਭਾਰਤੀ ਟੀਮ ਦੀ ਨੁਮਾਇੰਦਗੀ ਕਰਨਗੇ। ਟੂਰਨਾਮੈਂਟ 18 ਅਕਤੂਬਰ ਤੋਂ ਸ਼ੁਰੂ ਹੋਣਾ ਹੈ, ਜਦਕਿ ਆਖਰੀ ਮੈਚ 27 ਅਕਤੂਬਰ ਨੂੰ ਖੇਡਿਆ ਜਾਵੇਗਾ। ਭਾਰਤ ਤੋਂ ਇਲਾਵਾ ਪਾਕਿਸਤਾਨ, ਸ਼੍ਰੀਲੰਕਾ, ਬੰਗਲਾਦੇਸ਼ ਅਤੇ ਅਫਗਾਨਿਸਤਾਨ ਦੀਆਂ ਟੀਮਾਂ ਹਿੱਸਾ ਲੈਣਗੀਆਂ। ਇਹ ਟੂਰਨਾਮੈਂਟ ਓਮਾਨ ਵਿੱਚ ਹੋਣਾ ਹੈ।
ਸਲਾਮੀ ਬੱਲੇਬਾਜ਼ ਅਭਿਸ਼ੇਕ ਸ਼ਰਮਾ ਦੂਜੀ ਵਾਰ ਐਮਰਜਿੰਗ ਏਸ਼ੀਆ ਕੱਪ 2024 'ਚ ਹਿੱਸਾ ਲੈਣਗੇ। ਅਭਿਸ਼ੇਕ ਸ਼ਰਮਾ, ਸਾਈ ਸੁਦਰਸ਼ਨ ਤੋਂ ਇਲਾਵਾ ਹਰਸ਼ਿਤ ਰਾਣਾ ਨੂੰ ਵੀ ਏਸ਼ੀਆ ਕੱਪ 2023 ਵਿੱਚ ਮੌਕਾ ਦਿੱਤਾ ਗਿਆ ਸੀ। ਨੌਜਵਾਨ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਖਿਤਾਬ ਜਿੱਤਿਆ। ਪਿਛਲੀ ਵਾਰ ਭਾਰਤ ਦੀ ਕਪਤਾਨੀ ਯਸ਼ ਢੁਲ ਨੇ ਸੰਭਾਲੀ ਸੀ। ਹਾਲਾਂਕਿ ਟੀਮ ਇੰਡੀਆ ਨੂੰ ਪਾਕਿਸਤਾਨ ਦੇ ਖਿਲਾਫ ਖਿਤਾਬੀ ਮੁਕਾਬਲੇ 'ਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਪਰ ਭਾਰਤੀ ਟੀਮ ਨੇ ਪੂਰੇ ਟੂਰਨਾਮੈਂਟ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ।
ਇਸ ਵਾਰ ਬੋਰਡ ਨੇ ਕਈ ਨੌਜਵਾਨ ਖਿਡਾਰੀਆਂ ਨੂੰ ਮੌਕਾ ਦਿੱਤਾ ਹੈ, ਜਿਨ੍ਹਾਂ ਵਿੱਚ ਆਯੂਸ਼ ਬਡੋਨੀ ਤੋਂ ਇਲਾਵਾ ਅਨੁਜ ਰਾਵਤ, ਰਮਨਦੀਪ ਸਿੰਘ, ਨੇਹਾਲ ਵਢੇਰਾ, ਆਕਿਬ ਖਾਨ ਵੈਭਵ ਅਰੋੜਾ ਵਰਗੇ ਖਿਡਾਰੀ ਸ਼ਾਮਲ ਹਨ।
ਇਨ੍ਹਾਂ ਖਿਡਾਰੀਆਂ ਤੋਂ ਇਲਾਵਾ ਅਭਿਸ਼ੇਕ ਸ਼ਰਮਾ ਵੀ ਇਸ ਟੂਰਨਾਮੈਂਟ 'ਚ ਆਪਣੀ ਪਛਾਣ ਬਣਾਉਣਗੇ। ਹਾਲ ਹੀ 'ਚ ਉਸ ਨੂੰ ਬੰਗਲਾਦੇਸ਼ ਖਿਲਾਫ ਖੇਡੀ ਗਈ 3 ਮੈਚਾਂ ਦੀ ਟੀ-20 ਸੀਰੀਜ਼ 'ਚ ਮੌਕਾ ਮਿਲਿਆ। ਪਰ ਉਹ ਤਿੰਨੋਂ ਮੈਚਾਂ ਵਿੱਚ ਖ਼ਰਾਬ ਪ੍ਰਦਰਸ਼ਨ ਕਰਦੇ ਨਜ਼ਰ ਆਏ। ਹੁਣ ਇਕ ਵਾਰ ਫਿਰ ਅਭਿਸ਼ੇਕ ਕੋਲ ਆਪਣੀ ਪ੍ਰਤਿਭਾ ਦਿਖਾਉਣ ਦਾ ਸੁਨਹਿਰੀ ਮੌਕਾ ਹੈ।