Wednesday, January 15, 2025
 

ਰਾਸ਼ਟਰੀ

ਤਾਜ ਮਹਿਲ ਦੇ ਗੁੰਬਦ ਵਿੱਚੋਂ ਟਪਕਣ ਲੱਗਾ ਪਾਣੀ, ਬਾਗਾਂ 'ਚ 2 ਤੋਂ 3 ਫੁੱਟ ਤੱਕ ਭਰਿਆ ਪਾਣੀ

September 14, 2024 09:04 AM

ਆਗਰਾ: ਭਾਰਤੀ ਮੌਸਮ ਵਿਭਾਗ (IMD) ਦੇ ਅਨੁਸਾਰ, ਆਗਰਾ ਵਿੱਚ ਪਿਛਲੇ 24 ਘੰਟਿਆਂ ਵਿੱਚ 151 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ, ਜੋ ਕਿ ਪਿਛਲੇ 85 ਸਾਲਾਂ ਵਿੱਚ ਸਭ ਤੋਂ ਵੱਧ ਮੀਂਹ ਹੈ। ਇਸ ਵਾਰ ਤਾਜ ਮਹਿਲ ਤੋਂ ਇਲਾਵਾ ਫਤਿਹਪੁਰ ਸੀਕਰੀ, ਝੁੰਝੁਨ ਕਾ ਕਟੋਰਾ, ਰਾਮਬਾਗ, ਮਹਿਤਾਬ ਬਾਗ, ਚੀਨੀ ਕਾ ਰੌਜ਼ਾ, ਸਿਕੰਦਰਾ ਵਿਚ ਅਕਬਰ ਦਾ ਮਕਬਰਾ ਅਤੇ ਰੋਮਨ ਕੈਥੋਲਿਕ ਕਬਰਸਤਾਨ ਵੀ ਮਾਨਸੂਨ ਦੀ ਬਾਰਸ਼ ਕਾਰਨ ਨੁਕਸਾਨੇ ਗਏ ਹਨ। ਆਗਰਾ ਵਿੱਚ ਇੱਕ ਕੰਟਰੋਲ ਰੂਮ ਸਥਾਪਿਤ ਕੀਤਾ ਗਿਆ ਹੈ ਅਤੇ ਇੱਕ ਟੋਲ ਫਰੀ ਨੰਬਰ ਜਾਰੀ ਕੀਤਾ ਗਿਆ ਹੈ। ਆਗਰਾ ਦੇ ਜ਼ਿਲ੍ਹਾ ਅਧਿਕਾਰੀ ਨੇ ਹੁਕਮ ਜਾਰੀ ਕਰਕੇ ਸਾਰੇ ਸਕੂਲ ਬੰਦ ਕਰ ਦਿੱਤੇ ਹਨ।

ਐਮਰਜੈਂਸੀ ਦੀ ਸਥਿਤੀ ਵਿੱਚ, ਲੋਕ ਕੰਟਰੋਲ ਰੂਮ ਨੰਬਰ 0562-2260550 ਅਤੇ ਮੋਬਾਈਲ ਨੰਬਰ 94580-95419 'ਤੇ ਕਾਲ ਕਰ ਸਕਦੇ ਹਨ। ਕਿਉਂਕਿ ਮੌਸਮ ਵਿਭਾਗ ਨੇ ਅੱਜ ਅਤੇ ਕੱਲ੍ਹ ਵੀ ਉੱਤਰ ਪ੍ਰਦੇਸ਼ ਵਿੱਚ ਭਾਰੀ ਮੀਂਹ ਦਾ ਅਲਰਟ ਦਿੱਤਾ ਹੈ। ਮੀਂਹ ਕਾਰਨ ਤਾਜ ਮਹਿਲ ਦਾ ਗੁੰਬਦ ਲੀਕ ਹੋ ਰਿਹਾ ਹੈ, ਇਸ ਵਾਰ ਮਾਨਸੂਨ ਦੇ ਮੌਸਮ ਵਿੱਚ, ਬਹੁਤ ਜ਼ਿਆਦਾ ਮੀਂਹ ਪੈ ਰਿਹਾ ਹੈ। ਉੱਤਰ ਪ੍ਰਦੇਸ਼ ਵਿੱਚ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਮੀਂਹ ਪੈ ਰਿਹਾ ਹੈ। ਇੱਕ ਪਾਸੇ ਸੂਬੇ ਦੇ ਕਈ ਪਿੰਡ ਹੜ੍ਹਾਂ ਦੇ ਪਾਣੀ ਵਿੱਚ ਡੁੱਬੇ ਹੋਏ ਹਨ। ਸ਼ਹਿਰਾਂ ਦੀ ਹਾਲਤ ਵੀ ਖ਼ਰਾਬ ਹੈ। ਪਾਣੀ ਭਰਨ ਕਾਰਨ ਜਨਜੀਵਨ ਪ੍ਰਭਾਵਿਤ ਹੋਇਆ ਹੈ। ਇਸ ਵਾਰ ਤਾਜ ਮਹਿਲ ਵੀ ਮੀਂਹ ਦੇ ਕਹਿਰ ਤੋਂ ਨਹੀਂ ਬਚਿਆ।
ਗੁੰਬਦਾਂ ਵਿੱਚੋਂ ਪਾਣੀ ਟਪਕਦਾ ਹੈ ਅਤੇ ਇਹ ਸ਼ਾਹਜਹਾਂ-ਮੁਮਤਾਜ਼ ਦੇ ਮਕਬਰੇ ਤੱਕ ਪਹੁੰਚਦਾ ਹੈ। ਇੰਨਾ ਹੀ ਨਹੀਂ ਤਾਜ ਮਹਿਲ ਦੇ ਬਗੀਚੇ ਵੀ ਮੀਂਹ ਦੇ ਪਾਣੀ 'ਚ ਡੁੱਬ ਗਏ ਹਨ। ਪੂਰੇ ਕੈਂਪਸ ਵਿੱਚ 2 ਤੋਂ 3 ਫੁੱਟ ਤੱਕ ਬਰਸਾਤੀ ਪਾਣੀ ਖੜ੍ਹਾ ਹੈ। ਇਸ ਦੇ ਨਾਲ ਹੀ ਭਾਰਤੀ ਪੁਰਾਤੱਤਵ ਸਰਵੇਖਣ (ਏ.ਐੱਸ.ਆਈ.) ਵਿਭਾਗ ਵੀ ਗੁੰਬਦਾਂ 'ਚੋਂ ਪਾਣੀ ਦੇ ਵਹਿਣ ਕਾਰਨ ਤਣਾਅ 'ਚ ਹੈ। ਵਿਭਾਗ ਨੇ ਆਪਣੇ ਅਧਿਕਾਰੀਆਂ ਨੂੰ ਚੌਕਸ ਰਹਿਣ ਲਈ ਕਿਹਾ ਹੈ ਅਤੇ ਤਾਜ ਮਹਿਲ ਦੀ ਨਿਗਰਾਨੀ ਕਰਨ ਦੇ ਆਦੇਸ਼ ਦਿੱਤੇ ਹਨ।
ਰਿਪੋਰਟ ਮੁਤਾਬਕ ਪਿਛਲੇ 48 ਘੰਟਿਆਂ ਤੋਂ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਤਾਜ ਮਹਿਲ ਦੀ ਇਮਾਰਤ ਨੂੰ ਕਾਫੀ ਨੁਕਸਾਨ ਹੋਇਆ ਹੈ। ਭਾਰਤੀ ਪੁਰਾਤੱਤਵ ਸਰਵੇਖਣ (ਏਐਸਆਈ) ਦੇ ਅਧਿਕਾਰੀ ਰਾਜਕੁਮਾਰ ਪਟੇਲ ਨੇ ਮੀਡੀਆ ਨੂੰ ਦੱਸਿਆ ਕਿ ਤਾਜ ਮਹਿਲ ਦੇ ਮੁੱਖ ਗੁੰਬਦ ਤੋਂ ਪਾਣੀ ਟਪਕ ਰਿਹਾ ਹੈ, ਇਸ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਤਾਜ ਮਹਿਲ ਦੇ ਮੁੱਖ ਮਕਬਰੇ ਦੇ ਅੰਦਰ ਵੀ ਨਮੀ ਦੇਖੀ ਜਾ ਰਹੀ ਹੈ। ਗੁੰਬਦ ਦੇ ਪੱਥਰਾਂ 'ਤੇ ਬਹੁਤ ਬਰੀਕ ਤਰੇੜਾਂ ਹੋ ਸਕਦੀਆਂ ਹਨ ਅਤੇ ਸ਼ਾਇਦ ਉਨ੍ਹਾਂ ਵਿਚੋਂ ਪਾਣੀ ਵਗ ਰਿਹਾ ਹੋਵੇ। ਪਾਣੀ ਵੀ ਰੁਕ-ਰੁਕ ਕੇ ਲੀਕ ਹੋ ਰਿਹਾ ਹੈ। ਮੁੱਖ ਮਕਬਰੇ ਦੇ ਸਾਹਮਣੇ ਵਾਲਾ ਬਾਗ ਵੀ ਪਾਣੀ ਵਿਚ ਡੁੱਬਿਆ ਹੋਇਆ ਹੈ, ਜਿਸ ਦੀ ਇਕ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।

 

 

Have something to say? Post your comment

Subscribe