ਵਾਸ਼ਿੰਗਟਨ : ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਅਤੇ ਹਾਊਸ ਦੀ ਸਾਬਕਾ ਸਪੀਕਰ ਨੈਨਸੀ ਪੇਲੋਸੀ ਨੇ ਐਤਵਾਰ ਨੂੰ ਰਾਸ਼ਟਰਪਤੀ ਜੋਅ ਬਿਡੇਨ ਦੇ ਰਾਸ਼ਟਰਪਤੀ ਅਹੁਦੇ ਦੀ ਦੌੜ ਤੋਂ ਹਟਣ ਦੇ ਫੈਸਲੇ ਦੀ ਸ਼ਲਾਘਾ ਕੀਤੀ, ਪਰ 5 ਨਵੰਬਰ ਨੂੰ ਹੋਣ ਵਾਲੀਆਂ ਚੋਣਾਂ ਲਈ ਡੈਮੋਕ੍ਰੇਟਿਕ ਪਾਰਟੀ ਦੇ ਉਮੀਦਵਾਰ ਦੀ ਆਲੋਚਨਾ ਕਰਦੇ ਹੋਏ ਓਬਾਮਾ ਨੇ ਸਮਰਥਨ ਕਰਨ ਤੋਂ ਇਨਕਾਰ ਕਰ ਦਿੱਤਾ। ਉਪ ਰਾਸ਼ਟਰਪਤੀ ਕਮਲਾ ਹੈਰਿਸ ਦਾ ਓਬਾਮਾ ਨੂੰ ਸਿਆਸੀ ਗੁਰੂ ਮੰਨਿਆ ਜਾਂਦਾ ਰਿਹਾ ਹੈ। ਇਸ ਦੇ ਬਾਵਜੂਦ ਉਸ ਨੇ ਹੈਰਿਸ ਦਾ ਸਮਰਥਨ ਕਰਨ ਤੋਂ ਤੁਰੰਤ ਇਨਕਾਰ ਕਰ ਦਿੱਤਾ ਹੈ।
ਮੰਨਿਆ ਜਾ ਰਿਹਾ ਹੈ ਕਿ ਜੋ ਬਿਡੇਨ ਦੇ ਸਮਰਥਨ ਕਾਰਨ ਕਮਲਾ ਹੈਰਿਸ ਪਾਰਟੀ ਦੀ ਅਧਿਕਾਰਤ ਰਾਸ਼ਟਰਪਤੀ ਉਮੀਦਵਾਰ ਬਣਨਾ ਲਗਭਗ ਤੈਅ ਹੈ। ਹਾਲਾਂਕਿ, ਉਸ ਨੂੰ ਅਗਲੇ ਮਹੀਨੇ ਸ਼ਿਕਾਗੋ ਵਿੱਚ ਡੈਮੋਕਰੇਟਿਕ ਨੈਸ਼ਨਲ ਕਨਵੈਨਸ਼ਨ ਦੌਰਾਨ ਪਾਰਟੀ ਡੈਲੀਗੇਟਾਂ ਦੁਆਰਾ ਚੁਣੇ ਜਾਣ ਦੀ ਜ਼ਰੂਰਤ ਹੈ। ਬਿਡੇਨ ਕੋਲ 3, 896 ਡੈਲੀਗੇਟ ਹਨ, ਜਦਕਿ ਨਾਮਜ਼ਦਗੀ ਜਿੱਤਣ ਲਈ ਸਿਰਫ਼ 1, 976 ਡੈਲੀਗੇਟਾਂ ਦੀ ਲੋੜ ਹੈ।
ਦੂਜੇ ਪਾਸੇ ਕਮਲਾ ਹੈਰਿਸ ਨੇ ਤੁਰੰਤ ਸਾਬਕਾ ਰਾਸ਼ਟਰਪਤੀ ਬਿਲ ਕਲਿੰਟਨ ਅਤੇ ਸਾਬਕਾ ਵਿਦੇਸ਼ ਮੰਤਰੀ ਹਿਲੇਰੀ ਕਲਿੰਟਨ ਦਾ ਸਮਰਥਨ ਹਾਸਲ ਕਰ ਲਿਆ ਹੈ। ਇਸ ਨਾਲ ਸ਼ਿਕਾਗੋ ਵਿੱਚ 19 ਅਗਸਤ ਤੋਂ ਸ਼ੁਰੂ ਹੋ ਰਹੀ ਡੈਮੋਕ੍ਰੇਟਿਕ ਨੈਸ਼ਨਲ ਕਨਵੈਨਸ਼ਨ ਦੌਰਾਨ ਡੈਲੀਗੇਟ ਦੀ ਲੜਾਈ ਜਿੱਤਣਾ ਉਸ ਲਈ ਆਸਾਨ ਹੁੰਦਾ ਜਾਪਦਾ ਹੈ।