ਇਸਲਾਮਾਬਾਦ : ਪਾਕਿਸਤਾਨ ਦੇ ਕਈ ਇਲਾਕਿਆਂ ਵਿਚ ਐਤਵਾਰ ਨੂੰ ਸੋਸ਼ਲ ਮੀਡੀਆ ਵੈਬਸਾਈਟ ਟਵਿੱਟਰ ਅਤੇ ਵੀਡੀਓ ਸਟ੍ਰੀਮਿੰਗ ਵੈਬਸਾਈਟ ਜ਼ੂਮ ਕਈ ਘੰਟਿਆਂ ਤੱਕ ਬਲਾਕ ਰਹੀ। ਦੇਰ ਰਾਤ ਪਾਕਿਸਤਾਨ ਸਰਕਾਰ ਨੇ ਇਹਨਾਂ ਦੋਹਾਂ ਵੈਬਸਾਈਟਾਂ ਤੋਂ ਬਲਾਕ ਹਟਾ ਲਿਆ। ਮੰਨਿਆ ਜਾ ਰਿਹਾ ਹੈ ਕਿ ਬਲੂਚਾਂ 'ਤੇ ਹੋ ਰਹੇ ਅੱਤਿਆਚਾਰ ਨੂੰ ਲੈ ਕੇ ਹੋਈ 'ਸਾਥ ਵਰਚੁਅਲ ਕਾਨਫਰੰਸ' ਨਾਲ ਪ੍ਰਧਾਨ ਮੰਤਰੀ ਇਮਰਾਨ ਖਾਨ ਅਤੇ ਪਾਕਿਸਤਾਨੀ ਫੌਜ ਡਰ ਗਈ ਅਤੇ ਉਸ ਨੇ ਟਵਿੱਟਰ ਅਤੇ ਜ਼ੂਮ ਨੂੰ ਬਲਾਕ ਕਰ ਦਿੱਤਾ। ਬਲੋਚਿਸਤਾਨ ਪੋਸਟ ਦੀ ਖਬਰ ਦੇ ਮੁਤਾਬਕ ਟਵਿੱਟਰ, ਉਸ ਦੀ ਵੀਡੀਓ ਸਟ੍ਰੀਮਿੰਗ ਸਰਵਿਸ ਪੇਰਿਸਕੋਪ, ਵਰਚੁਅਲ ਵੀਡੀਓ ਕਾਨਫਰੰਸ ਵੈਬਸਾਈਟ ਜ਼ੂਮ ਨੂੰ ਕਈ ਘੰਟਿਆਂ ਲਈ ਬਲਾਕ ਕਰ ਦਿੱਤਾ ਗਿਆ। ਇੰਟਰਨੈੱਟ 'ਤੇ ਨਿਗਰਾਨੀ ਰੱਖਣ ਵਾਲੀ ਸੰਸਥਾ ਨੈੱਟਬਲਾਕ ਡਾਟ ਓ.ਆਰ.ਜੀ. ਨੇ ਦੱਸਿਆ ਕਿ ਇਹਨਾਂ ਦੋਹਾਂ ਹੀ ਵੈਬਸਾਈਟਾਂ 'ਤੇ ਪਾਕਿਸਤਾਨ ਦੇ ਕੁਝ ਚੋਣਵੇਂ ਇਲਾਕਿਆਂ ਵਿਚ ਹੀ ਰੋਕ ਲਗਾਈ ਗਈ ਸੀ। ਨੈੱਟਬਲਾਕ ਨੇ ਦੱਸਿਆ ਕਿ ਪਾਕਿਸਤਾਨ ਵਿਚ ਅਜਿਹੇ ਬਹੁਤ ਸਾਰੇ ਲੋਕ ਸਨ ਜੋ ਇਹਨਾਂ ਵੈਬਸਾਈਟਾਂ ਨੂੰ ਐਕਸੇਸ ਕਰ ਪਾ ਰਹੇ ਸਨ। ਵਿਸ਼ਲੇਸ਼ਕਾਂ ਦੇ ਮੁਤਾਬਕ ਪੀ.ਐੱਮ.ਇਮਰਾਨ ਖਾਨ ਅਤੇ ਪਾਕਿਸਤਾਨ ਦੀ ਫੌਜ ਬਲੂਚਾਂ 'ਤੇ ਹੋ ਰਹੇ ਅੱਤਿਆਚਾਰ ਨੂੰ ਲੈਕੇ ਆਯੋਜਿਤ ਹੋ ਰਹੇ 'ਸਾਥ ਵਰਚੁਅਲ ਕਾਨਫਰੰਸ' ਤੋਂ ਡਰ ਗਈ ਸੀ। ਇਸੇ ਕਾਰਨ ਟਵਿੱਟਰ ਅਤੇ ਜ਼ੂਮ ਨੂੰ ਕਈ ਘੰਟਿਆਂ ਤੱਕ ਬੰਦ ਕਰ ਦਿੱਤਾ ਗਿਆ ਸੀ।