ਵਾਸ਼ਿੰਗਟਨ : ਕੋਰੋਨਾ ਵਾਇਰਸ ਨਾਲ ਦੁਨੀਆ 'ਚ ਸਭ ਤੋਂ ਜ਼ਿਆਦਾ ਪ੍ਰਭਾਵਿਤ ਅਮਰੀਕਾ ਦੇ ਅਰਥਚਾਰੇ 'ਤੇ ਮਹਾਂਮਾਰੀ ਦੀ ਵੱਡੀ ਮਾਰ ਪਈ ਹੈ। ਬੀਤੇ ਦੋ ਮਹੀਨਿਆਂ ਵਿਚ 3.3 ਕਰੋੜ ਤੋਂ ਜ਼ਿਆਦਾ ਅਮਰੀਕੀ ਨੌਕਰੀ ਗੁਆ ਚੁੱਕੇ ਹਨ। ਪੂਰਾ ਟ੍ਰੈਵਲ ਅਤੇ ਸੈਰ-ਸਪਾਟਾ ਉਦਯੋਗ ਤਬਾਹ ਹੋ ਚੁੱਕਾ ਹੈ। ਦੇਸ਼ ਵਿਚ ਉਦਯੋਗ-ਧੰਦੇ ਠੱਪ ਪਏ ਹਨ ਅਤੇ ਦਫ਼ਤਰ ਵੀ ਬੰਦ ਹਨ। ਬੇਰੁਜ਼ਗਾਰੀ ਦਰ ਹੁਣ ਤਕ ਦੇ ਰਿਕਾਰਡ ਪੱਧਰ 'ਤੇ ਪੁੱਜ ਗਈ ਹੈ। ਹਾਲਾਂਕਿ ਟਰੰਪ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀਆਂ ਨੇ ਅਮਰੀਕੀ ਅਰਥਚਾਰੇ ਦੇ ਉਭਰਨ ਦੀ ਉਮੀਦ ਪ੍ਰਗਟਾਈ ਹੈ। ਉਨ੍ਹਾਂ ਕਿਹਾ ਕਿ ਨਕਾਰਾਤਮਕ ਪ੍ਰਭਾਵ ਦੇ ਬਾਵਜੂਦ ਦੁਨੀਆ ਦੀ ਸਭ ਤੋਂ ਵੱਡੀ ਅਰਥ-ਵਿਵਸਥਾ ਵਿਚ ਉਛਾਲ ਆਵੇਗਾ ਅਤੇ ਸਾਲ 2021 ਚੰਗਾ ਸਾਬਿਤ ਹੋਵੇਗਾ। ਅਮਰੀਕਾ ਵਿਚ ਕੋਰੋਨਾ ਵਾਇਰਸ ਨਾਲ ਹੁਣ ਤਕ ਕਰੀਬ 13 ਲੱਖ 70 ਹਜ਼ਾਰ ਲੋਕ ਪ੍ਰਭਾਵਿਤ ਹੋ ਚੁੱਕੇ ਹਨ ਅਤੇ 81 ਹਜ਼ਾਰ ਦੀ ਮੌਤ ਹੋ ਗਈ ਹੈ। ਕੌਮਾਂਤਰੀ ਮੁਦਰਾ ਫੰਡ (ਆਈਐੱਮਐੱਫ) ਅਤੇ ਵਿਸ਼ਵ ਬੈਂਕ ਨੇ ਅਮਰੀਕਾ ਲਈ ਨਕਾਰਾਤਮਕ ਵਿਕਾਸ ਦਰ ਦਾ ਅਨੁਮਾਨ ਲਗਾਇਆ ਹੈ। ਹਾਲਾਂਕਿ ਅਮਰੀਕਾ ਦੇ ਕਈ ਰਾਜਾਂ ਵਿਚ ਹੁਣ ਪਾਬੰਦੀਆਂ ਵਿਚ ਢਿੱਲ ਦੇ ਕੇ ਉਦਯੋਗ-ਧੰਦਿਆਂ ਨੂੰ ਹੌਲੀ-ਹੌਲੀ ਖੋਲ੍ਹਿਆ ਜਾ ਰਿਹਾ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੀ ਇਹ ਕਹਿ ਚੁੱਕੇ ਹਨ ਕਿ ਅਸੀਂ ਜ਼ਿੰਦਗੀਆਂ ਨੂੰ ਬਚਾਉਣ ਲਈ ਸਭ ਤੋਂ ਵੱਡੇ ਅਰਥਚਾਰੇ ਨੂੰ ਬੰਦ ਕਰ ਦਿੱਤਾ ਸੀ। ਹੁਣ ਅਸੀਂ ਹੌਲੀ-ਹੌਲੀ ਅਰਥਚਾਰੇ ਨੂੰ ਪਟੜੀ 'ਤੇ ਲਿਆ ਰਹੇ ਹਾਂ। ਅਮਰੀਕੀ ਵਿੱਤ ਮੰਤਰੀ ਸਟੀਵਨ ਨਿਊਚਿਨ ਨੇ ਐਤਵਾਰ ਨੂੰ ਫੋਕਸ ਨਿਊਜ਼ ਨੂੰ ਕਿਹਾ ਕਿ ਅਸੀਂ ਅਰਥਚਾਰੇ ਦੇ ਪੁਨਰ-ਨਿਰਮਾਣ 'ਤੇ ਧਿਆਨ ਕੇਂਦਰਿਤ ਕਰ ਰਹੇ ਹਾਂ। ਸਾਨੂੰ ਉਮੀਦ ਹੈ ਕਿ ਸਾਡੇ ਲਈ ਤੀਜੀ ਤਿਮਾਹੀ ਬਿਹਤਰ ਹੋਵੇਗੀ। ਚੌਥੀ ਤਿਮਾਹੀ ਹੋਰ ਬਿਹਤਰ ਹੋਵੇਗੀ ਅਤੇ ਅਗਲਾ ਸਾਲ ਚੰਗਾ ਹੋਣ ਜਾ ਰਿਹਾ ਹੈ। ਉਨ੍ਹਾਂ ਇਹ ਮੰਨਿਆ ਕਿ ਅਰਥਚਾਰਾ ਬੁਰੇ ਦੌਰ ਵਿੱਚੋਂ ਲੰਘ ਰਿਹਾ ਹੈ। ਇਸ ਤੋਂ ਪਹਿਲੇ ਵ੍ਹਾਈਟ ਹਾਊਸ ਦੇ ਸੀਨੀਅਰ ਆਰਥਿਕ ਸਲਾਹਕਾਰ ਕੇਵਿਨ ਹੈਸੇਟ ਨੇ ਕਿਹਾ ਕਿ ਕੋਰੋਨਾ ਮਹਾਮਾਰੀ ਦੇ ਫਲਸਰੂਪ ਅਰਥਚਾਰੇ ਨੂੰ ਬਹੁਤ ਵੱਡਾ ਝਟਕਾ ਲੱਗਾ ਹੈ। ਉਨ੍ਹਾਂ ਸੀਐੱਨਐੱਨ ਨੂੰ ਕਿਹਾ ਕਿ ਅਸੀਂ ਜਿਸ ਮਜ਼ਬੂਤ ਅਰਥਚਾਰੇ ਨੂੰ ਹਮੇਸ਼ਾ ਤੋਂ ਦੇਖਦੇ ਰਹੇ ਉਸ ਨੂੰ ਸਭ ਤੋਂ ਵੱਡਾ ਨਕਾਰਾਤਮਕ ਝਟਕਾ ਲੱਗਾ ਹੈ। ਉਮੀਦ ਹੈ ਕਿ ਅਸੀਂ ਇਸ ਤੋਂ ਆਉਣ ਵਾਲੇ ਸਮੇਂ ਵਿਚ ਉਭਰ ਜਾਵਾਂਗੇ। ਅਮਰੀਕਾ ਦੇ ਐਮਾਜ਼ੋਨ ਦੇ ਕਰੀਬ 600 ਮੁਲਾਜ਼ਮ ਵੀ ਕੋਰੋਨਾ ਵਾਇਰਸ ਦੀ ਲਪੇਟ ਵਿਚ ਆ ਗਏ ਹਨ। ਇਨ੍ਹਾਂ ਵਿੱਚੋਂ ਛੇ ਦੀ ਮੌਤ ਹੋ ਚੁੱਕੀ ਹੈ। ਇਹ ਜਾਣਕਾਰੀ ਦੁਨੀਆ ਦੀ ਇਸ ਦਿੱਗਜ ਕੰਪਨੀ ਦੇ ਇਕ ਮੁਲਾਜ਼ਮ ਨੇ ਦਿੱਤੀ। ਕੰਪਨੀ ਨੇ ਹਾਲਾਂਕਿ ਛੇ ਦੀ ਮੌਤ ਹੋਣ ਦੀ ਗੱਲ ਮੰਨੀ ਹੈ। ਅਮਰੀਕੀ ਨੈਸ਼ਨਲ ਗਾਰਡ ਦੇ ਮੁਖੀ ਜਨਰਲ ਜੋਸਫ ਲੈਂਗਿਲ ਕੋਰੋਨਾ ਵਾਇਰਸ ਨੂੰ ਲੈ ਕੇ ਹੋਏ ਟੈਸਟ ਦੇ ਨਤੀਜੇ ਕਾਰਨ ਦੋਚਿਤੀ ਵਿਚ ਫੱਸ ਗਏ ਹਨ। ਅਧਿਕਾਰੀਆਂ ਨੇ ਦੱਸਿਆ ਕਿ ਸ਼ਨਿਚਰਵਾਰ ਨੂੰ ਉਨ੍ਹਾਂ ਦਾ ਇਕ ਟੈਸਟ ਪਾਜ਼ੇਟਿਵ ਆਇਆ ਜਦਕਿ ਇਸੇ ਦਿਨ ਇਕ ਹੋਰ ਟੈਸਟ ਨੈਗੇਟਿਵ ਆ ਗਿਆ। ਹੁਣ ਉਨ੍ਹਾਂ ਦਾ ਦੁਬਾਰਾ ਟੈਸਟ ਹੋਵੇਗਾ। ਕੋਰੋਨਾ ਮਹਾਮਾਰੀ ਨਾਲ ਟਰੰਪ ਜਿਸ ਤਰ੍ਹਾਂ ਨਿਪਟ ਰਹੇ ਹਨ ਉਸ ਨਾਲ ਉਨ੍ਹਾਂ ਦੀ ਰਿਪਬਲਿਕਨ ਪਾਰਟੀ ਦੇ ਕਈ ਆਗੂ ਚਿੰਤਤ ਹੋ ਗਏ ਹਨ। ਉਨ੍ਹਾਂ ਵਿਚ ਇਸ ਗੱਲ ਨੂੰ ਲੈ ਕੇ ਚਿੰਤਾ ਵੱਧ ਗਈ ਹੈ ਕਿ ਪਾਰਟੀ ਸੰਸਦ ਦੇ ਉਪਰਲੇ ਸਦਨ ਸੈਨੇਟ ਵਿਚ ਬਹੁਮਤ ਗੁਆ ਸਕਦੀ ਹੈ। ਵਾਸ਼ਿੰਗਟਨ ਪੋਸਟ ਅਖ਼ਬਾਰ ਨੇ ਰਿਪਬਲਿਕਨ ਰਣਨੀਤੀਕਾਰਾਂ ਦੇ ਹਵਾਲੇ ਨਾਲ ਕਿਹਾ ਕਿ ਮੌਜੂਦਾ ਸਿਆਸੀ ਹਾਲਾਤ ਪਾਰਟੀ ਦੇ ਪੱਖ ਵਿਚ ਨਹੀਂ ਹਨ। ਸੈਨੇਟ ਵਿਚ ਇਸ ਸਮੇਂ ਰਿਪਬਲਿਕਨ ਪਾਰਟੀ ਦੇ 53 ਮੈਂਬਰ ਹਨ ਜਦਕਿ 47 ਸੀਟਾਂ 'ਤੇ ਵਿਰੋਧੀ ਡੈਮੋਕ੍ਰੇਟਿਕ ਪਾਰਟੀ ਦਾ ਕਬਜ਼ਾ ਹੈ। ਅਮਰੀਕਾ ਵਿਚ ਇਸ ਸਾਲ ਨਵੰਬਰ ਵਿਚ ਰਾਸ਼ਟਰਪਤੀ ਚੋਣ ਹੋਣ ਵਾਲੀ ਹੈ।