ਮੋਨਰੋਵੀਆ : ਲਾਈਬੇਰੀਆ ਦੇ ਬੋਂਗ ਕਾਊਂਟੀ ਵਿਚ ਜ਼ਮੀਨ ਖਿਸਕਣ ਕਾਰਣ ਚਾਰ ਲੋਕਾਂ ਦੀ ਮੌਤ ਤੇ ਕਈ ਹੋਰ ਲੋਕ ਅਜੇ ਵੀ ਚਿੱਕੜ ਤੇ ਮਲਬੇ ਹੇਠ ਦੱਬੇ ਹੋਏ ਹਨ। ਕਾਊਂਟੀ ਪੁਲਸ ਕਮਾਂਡਰ ਫ੍ਰੇਡਰਿਕ ਨਿੱਪੀ ਨੇ ਸੋਮਵਾਰ ਦੇਰ ਰਾਤ ਨੂੰ ਦੱਸਿਆ ਕਿ ਜ਼ਮੀਨ ਖਿਸਕਣ ਦੇ ਕਾਰਣ ਬੋਂਗ ਕਾਊਂਟੀ ਵਿਚ ਇਕ ਸੋਨੇ ਦੀ ਖਦਾਨ ਢਹਿ ਗਈ, ਜਿਸ ਵਿਚ ਕਈ ਲੋਕ ਦੱਬ ਗਏ। ਬਚਾਅ ਕਰਮਚਾਰੀਆਂ ਨੇ ਚਿੱਕੜ ਤੇ ਮਲਬੇ ਦੇ ਹੇਠੋਂ ਚਾਰ ਲੋਕਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਹਨ। ਮੰਨਿਆ ਜਾ ਰਿਹਾ ਹੈ ਕਿ ਅਜੇ ਵੀ ਕਈ ਲੋਕ ਚਿੱਕੜ ਵਿਚ ਫਸੇ ਹੋਏ ਹਨ। ਨਿੱਪੀ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਦੱਸਿਆ ਕਿ ਜ਼ਮੀਨ ਖਿਸਕਣ ਕਾਰਣ ਸੋਨੇ ਦੀ ਖਦਾਨ ਢਹਿ ਗਈ ਤੇ ਪਿੰਡ ਵਿਚ ਭਾਰੀ ਤਬਾਹੀ ਹੋਈ ਹੈ। ਮਰਨ ਵਾਲਿਆਂ ਦੀ ਗਿਣਤੀ ਵਿਚ ਵਾਧਾ ਹੋ ਸਕਦਾ ਹੈ ਕਿਉਂਕਿ ਚਿੱਕੜ ਵਿਚ ਫਸੇ ਲੋਕਾਂ ਦੀ ਗਿਣਤੀ ਦਾ ਪਤਾ ਲਗਾਉਣ ਲਈ ਬਚਾਅ ਮੁਹਿੰਮ ਅਗਲੇ ਕੁਝ ਦਿਨਾਂ ਤੱਕ ਜਾਰੀ ਰਹੇਗਾ।