ਲੀਮਾ (ਏਜੰਸੀ) : ਪੇਰੂ ਦੇ ਸਾਬਕਾ ਰਾਸ਼ਟਰਪਤੀ ਪੇਡਰੋ ਪਾਬਲੋ ਕੁਜਿੰਸਕੀ ਨੂੰ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੇ ਮਾਮਲੇ ਵਿਚ ਬੁੱਧਵਾਰ ਨੂੰ ਗ੍ਰਿਫਤਾਰ ਕਰ ਲਿਆ ਗਿਆ। ਸਥਾਨਕ ਨਿਊਜ਼ ਏਜੰਸੀ ਅੰਦੀਨਾ ਨੇ ਦੱਸਿਆ ਕਿ ਪੁਲਸ ਅਧਿਕਾਰੀਆਂ ਨੇ ਪੇਰੂ ਦੀ ਨਿਆਇਕ ਬਰਾਂਚ ਤੋਂ ਹੁਕਮ ਮਿਲਣ ਮਗਰੋਂ ਕੁਜਿੰਸਕੀ ਨੂੰ ਹਿਰਾਸਤ ਵਿਚ ਲਿਆ। ਨਿਰਮਾਣ ਕਾਰਜ ਕਰਨ ਵਾਲੀ ਬ੍ਰਾਜ਼ੀਲ ਦੀ ਵੱਡੀ ਕੰਪਨੀ ਓਡੇਬ੍ਰੇਚਟ ਦੀ ਜਾਂਚ ਜਾਰੀ ਹੈ, ਜਿਸ ਤਹਿਤ ਕੁਜਿੰਸਕੀ ਨੂੰ 10 ਦਿਨਾਂ ਤੱਕ ਹਿਰਾਸਤ ਵਿਚ ਰੱਖਿਆ ਜਾਵੇਗਾ। ਬ੍ਰਾਜ਼ੀਲੀ ਕੰਪਨੀ 'ਤੇ ਸਰਕਾਰੀ ਅਧਿਕਾਰੀਆਂ ਨੂੰ ਰਿਸ਼ਵਤ ਦੇਣ ਦੇ ਦੋਸ਼ ਹਨ। ਇਸ ਮਾਮਲੇ ਵਿਚ ਉਨ੍ਹਾਂ ਦੇ ਸਾਬਕਾ ਸਕੱਤਰ ਅਤੇ ਡਰਾਈਵਰ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ। ਕੁਜਿੰਸਕੀ ਨੇ ਆਪਣੀ ਗ੍ਰਿਫਤਾਰੀ ਨੂੰ ਮਨਮਰਜ਼ੀ ਕਰਾਰ ਦਿੰਦੇ ਹੋਏ ਕਿਹਾ ਕਿ ਉਹ ਅਧਿਕਾਰੀਆਂ ਦੇ ਨਾਲ ਪੂਰਾ ਸਹਿਯੋਗ ਕਰ ਰਹੇ ਹਨ। ਪੇਰੂ ਦੇ ਸਾਬਕਾ ਰਾਸ਼ਟਰਪਤੀ ਨੇ ਟਵੀਟ ਕੀਤਾ ਕਿ ਮੈਂ ਹਰ ਤਰ੍ਹਾਂ ਦੀ ਜਾਂਚ ਵਿਚ ਪੂਰਾ ਸਹਿਯੋਗ ਕੀਤਾ ਹੈ ਅਤੇ ਨਿਆਇਕ ਅਥਾਰਟੀ ਦੇ ਹਰੇਕ ਹੁਕਮ ਦਾ ਪਾਲਨ ਕੀਤਾ ਹੈ। ਮੈਂ ਇਨਸਾਫ ਤੋਂ ਕਦੇ ਨਹੀਂ ਭੱਜਿਆ ਹਾਂ। ਸਾਬਕਾ ਰਾਸ਼ਟਰਪਤੀ ਦੇ ਵਕੀਲ ਨੇ ਕਿਹਾ ਹੈ ਕਿ ਉਹ ਉਨ੍ਹਾਂ ਗ੍ਰਿਫਤਾਰੀ ਨੂੰ ਚੁਣੌਤੀ ਦੇਵਾਂਗੇ।