ਰਾਏਪੁਰ : ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਅਤੇ ਜਨਤਾ ਕਾਂਗਰਸ ਛੱਤੀਸਗੜ੍ਹ :ਜੇ: ਦੇ ਪ੍ਰਧਾਨ ਅਜੀਤ ਜੋਗੀ ਦੀ ਤਬੀਅਤ ਵਿਗੜਨ ਦੇ ਬਾਅਦ ਉਨ੍ਹਾਂ ਨੂੰ ਸਨਿਚਰਵਾਰ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ। ਅਜੀਤ ਜੋਗੀ ਦੇ ਬੇਟੇ ਅਤੇ ਸਾਬਕਾ ਵਿਧਾਇਕ ਅਮਿਤ ਜੋਗੀ ਨੇ ਦਸਿਆ ਕਿ ਸਨਿਚਰਵਾਰ ਦੁਪਿਹਰ ਅਜੀਤ ਜੋਗੀ ਨਾਸ਼ਤਾ ਕਰ ਰਹੇ ਸਨ, ਉਸ ਸਮੇਂ ਅਚਾਨਕ ਉਨ੍ਹਾਂ ਦੀ ਤਬੀਅਤ ਖ਼ਰਾਬ ਹੋ ਗਈ। ਜਿਸਦੇ ਬਾਅਦ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ। ਉਨ੍ਹਾਂ ਨੇ ਦਸਿਆ ਕਿ ਅਜੀਤ ਜੋਗੀ ਦੀ ਹਾਲਤ ਗੰਭੀਰ ਹੈ। ਹਸਪਤਲਾ ਵਿਚ ਅਜੀਤ ਜੋਗੀ ਦੀ ਪਤਨੀ ਅਤੇ ਕੋਟਾ ਖੇਤਰ ਤੋਂ ਵਿਧਾਇਕ ਰੇਣੁ ਜੋਗੀ ਅਤੇ ਹੋਰ ਲੋਕ ਵੀ ਮੌਜੂਦ ਹਨ।
ਭਾਰਤੀ ਪ੍ਰਸ਼ਾਸਨਿਕ ਸੇਵਾ ਤੋਂ ਰਾਜਨੀਤੀ 'ਚ ਆਏ ਅਜੀਤ ਜੋਗੀ ਮੌਜੂਦਾ ਸਮੇਂ 'ਚ ਮਾਰਵਾਹੀ ਖੇਤਰ ਤੋਂ ਵਿਧਾਇਕ ਹਨ। ਉਹ ਸਾਲ 2000 'ਚ ਛੱਤੀਸਗੜ੍ਹ ਰਾਜ ਦੇ ਬਣਨ ਦੌਰਾਨ ਇਥੇ ਦੇ ਪਹਿਲੇ ਮੁੱਖ ਮੰਤਰੀ ਬਣੇ ਅਤੇ 2003 ਤਕ ਮੁੱਖ ਮੰਤਰੀ ਰਹੇ। ਰਾਜ 'ਚ 2003 ਵਿਚ ਹੋਏ ਵਿਧਾਨ ਸਭਾ ਦੀ ਪਹਿਲੀ ਚੋਣਾਂ 'ਚ ਕਾਂਗਰਸ ਭਾਜਪਾ ਤੋਂ ਹਾਰ ਗਈ ਸੀ। ਰਾਜ 'ਚ ਕਾਂਗਰਸ ਆਗੂਆਂ 'ਚ ਮਤਭੇਦ ਦੇ ਚੱਲਦੇ ਜੋਗੀ ਨੇ ਸਾਲ 2016 'ਚ ਨਵੀਂ ਪਾਰਟੀ ਜਨਤਾ ਕਾਂਗਰਸ ਛੱਤੀਸਗੜ੍ਹ (ਜੇ) ਦਾ ਗਠਨ ਕਰ ਲਿਆ ਸੀ ਅਤੇ ਉਹ ਇਸ ਦੇ ਪ੍ਰਧਾਨ ਹਨ।